ਰਾਜੋਆਣਾ ਦੀ ਭੈਣ ਕਮਲਦੀਪ ਬੋਲੇ- ਭਰਾ ਰਾਜੋਆਣਾ ਨਾਲ ਮੁਲਾਕਾਤ ਕਰ ਕੇ ਲੈਣਗੇ ਚੋਣ ਲੜਨ ਦਾ ਫ਼ੈਸਲਾ 

ਏਜੰਸੀ

ਖ਼ਬਰਾਂ, ਪੰਜਾਬ

ਸਿਰਫ਼ ਸਿਮਰਨਜੀਤ ਮਾਨ ਹੀ ਨਹੀਂ ਸਗੋਂ ਅਸੀਂ ਸਾਰੀਆਂ ਪਾਰਟੀਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਰਬਸੰਮਤੀ ਨਾਲ ਕਮਲਦੀਪ ਕੌਰ ਨੂੰ ਲੋਕ ਸਭਾ ਵਿਚ ਭੇਜਿਆ ਜਾਵੇ - ਅਕਾਲੀ ਆਗੂ

kamaldeep Kaur

 

ਲੁਧਿਆਣਾ  : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਅਪਣਾ ਉਮੀਦਵਾਰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਮਿਲਿਆ ਪਰ ਇਸ ਦੌਰਾਨ ਕਮਲਦੀਪ ਕੌਰ ਨੇ ਆਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਕੇ ਇਹ ਫ਼ੈਸਲਾ ਕਰਨ ਦੀ ਗੱਲ ਆਖੀ ਹੈ।

ਇਸ ਮੌਕੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਹਾ ਅਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਗੱਲ ਕਾਫ਼ੀ ਅਹਿਮ ਹੈ, ਜੋ ਸਿੰਘ ਕਈ ਸਾਲਾਂ ਤੋਂ ਜੇਲ੍ਹ 'ਚ ਬੰਦ ਹਨ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਤੱਕ ਉਹਨਾਂ ਦੀ ਰਿਹਾਈ ਨਹੀ ਹੋਈ ਹੈ।ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਿਮਰਨਜੀਤ ਸਿੰਘ ਮਾਨ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਵੀ ਲੋਕ ਸਭਾ ਚੋਣ ਲੜਨ ਲਈ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਿਰਫ਼ ਸਿਮਰਨਜੀਤ ਸਿੰਘ ਮਾਨ ਹੀ ਨਹੀਂ ਸਗੋਂ ਅਸੀਂ ਸਾਰੀਆਂ ਪਾਰਟੀਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਰਬਸੰਮਤੀ ਦੇ ਨਾਲ ਕਮਲਦੀਪ ਕੌਰ ਨੂੰ ਲੋਕ ਸਭਾ ਵਿਚ ਭੇਜਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਇਸ ਵਿਚ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੱਡਾ ਹੈ

ਪਰ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਹੈ ਕਿ ਉਹ ਅਪਣੇ ਭਰਾ ਰਾਜੋਆਣਾ ਦੇ ਨਾਲ ਜੇਲ੍ਹ 'ਚ ਮੁਲਾਕਾਤ ਕਰ ਕੇ ਇਸ 'ਤੇ ਆਖ਼ਰੀ ਫ਼ੈਸਲਾ ਲੈਣਗੇ ਉਧਰ ਬੀਤੇ ਦਿਨੀਂ ਉਹਨਾਂ ਨੇ ਫੇਸਬੁੱਕ ਪੋਸਟ ਪਾ ਕੇ ਲਿਖਿਆ ਸੀ ਕਿ ਸਾਨੂੰ ਸੰਤ ਸਮਾਜ ਅਤੇ ਬੰਦੀ ਸਿੰਘ ਪਰਿਵਾਰਾਂ ਵੱਲੋਂ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨ ਦੀ ਬੇਨਤੀ ਕੀਤੀ ਗਈ ਸੀ। ਅਸੀਂ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਚੋਣਾਂ ਲੜਨ ਤੋਂ ਅਸਮਰੱਥਾ ਪ੍ਰਗਟ ਕਰਦੇ ਹਾਂ। ਸਾਰਿਆਂ ਵੱਲੋਂ ਪ੍ਰਗਟਾਈਆਂ ਗਈਆਂ ਭਾਵਨਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਮਲਦੀਪ ਕੌਰ ਨੇ ਇਕ ਹਿਸਾਬ ਨਾਲ ਚੋਣਾਂ ਲੜਨ ਤੋਂ ਮਨ੍ਹਾਂ ਕਰ ਦਿੱਤਾ ਸੀ।