Ludhiana News : ਕਾਂਗਰਸ ਦੀ ਸ਼ਾਨਦਾਰ ਜਿੱਤ ਲਈ ਰਾਜਾ ਵੜਿੰਗ ਨੇ ਪੰਜਾਬ ਵਾਸੀਆਂ ਦਾ ਕੀਤਾ ਧੰਨਵਾਦ
ਰਾਜਾ ਵੜਿੰਗ ਲੁਧਿਆਣਾ ਤੋਂ ਰਵਨੀਤ ਬਿੱਟੂ ਤੋਂ 21015 ਵੋਟਾਂ ਦੇ ਫਰਕ ਨਾਲ ਜਿਤੇ
Ludhiana News : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਨੂੰ 13 ਤੋਂ ਸੱਤ ਸੀਟਾਂ 'ਤੇ ਸ਼ਾਨਦਾਰ ਜਿੱਤ ਦਿਵਾਉਣ ਲਈ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਹੈ।
ਅੱਜ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਪ੍ਰਤੀਕ੍ਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ 'ਤੇ ਅਟੁੱਟ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਸ ਸਮਰਥਨ ਨੂੰ ਸੇਵਾ ਅਤੇ ਸਦਭਾਵਨਾ ਦੇ ਨਾਲ ਸਵੀਕਾਰ ਕਰੇਗੀ।
ਇਸ ਦੌਰਾਨ ਆਪਣੀ ਜਿੱਤ ਲਈ ਲੁਧਿਆਣਾ ਦੀ ਜਨਤਾ ਨੂੰ ਦਿੱਤੇ ਗਏ ਵਿਸ਼ੇਸ਼ ਸੰਦੇਸ਼ ਵਿੱਚ ਵੜਿੰਗ ਨੇ ਕਿਹਾ ਕਿ ਉਹ ਉਨ੍ਹਾਂ 'ਤੇ ਭਰੋਸਾ ਜਤਾਉਣ ਲਈ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ।
ਉਨ੍ਹਾਂ ਨੇ ਲੁਧਿਆਣਾ ਦੀ ਜਨਤਾ ਨੂੰ ਦਿੱਤੇ ਇੱਕ ਨਿੱਜੀ ਸੰਦੇਸ਼ ਵਿੱਚ ਕਿਹਾ, “ਸਿਰਫ ਪੰਜ ਸਾਲ ਹੀ ਨਹੀਂ, ਸਗੋਂ ਜਿਹੜਾ ਪਿਆਰ, ਸਨੇਹ ਅਤੇ ਭਰੋਸਾ ਤੁਸੀਂ ਮੇਰੇ ਉੱਪਰ ਪ੍ਰਗਟਾਇਆ ਹੈ, ਮੈਂ ਉਸਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ।”