ਮੌਨਸੂਨ ਰੁੱਤ ਸ਼ੁਰੂ ਹੋਣ ਨਾਲ ਲੱਗੀ ਦਰਿਆਈ ਰੇਤ ਖਣਨ 'ਤੇ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਮੌਨਸੂਨ ਦੇ ਸੀਜ਼ਨ ਦੌਰਾਨ ਦਰਿਆਵਾਂ ਵਿਚੋਂ....

Sukhbinder Singh Sarkaria

ਚੰਡੀਗੜ੍ਹ, ਪੰਜਾਬ ਦੇ ਖਣਨ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਮੌਨਸੂਨ ਦੇ ਸੀਜ਼ਨ ਦੌਰਾਨ ਦਰਿਆਵਾਂ ਵਿਚੋਂ ਗ਼ੈਰ ਕਾਨੂੰਨੀ ਰੇਤ ਖਣਨ ਰੋਕਣ ਦੀਆਂ ਸਖਤ ਹਦਾਇਤਾਂ ਕੀਤੀਆਂ ਹਨ। ਇੱਥੋਂ ਜਾਰੀ ਇਕ ਬਿਆਨ ਵਿਚ ਸ੍ਰੀ ਸਰਕਾਰੀਆ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਾਰੀ ਵਾਤਾਵਰਣ ਕਲੀਅਰੈਂਸ ਦੀਆਂ ਸ਼ਰਤਾਂ ਮੁਤਾਬਿਕ ਮੌਨਸੂਨ ਸੀਜ਼ਨ ਦੌਰਾਨ 1 ਜੁਲਾਈ ਤੋਂ 30 ਸਤੰਬਰ ਤੱਕ ਦਰਿਆਵਾਂ (ਰੀਵਰ ਬੈੱਡ) ਵਿਚ ਮਾਈਨਿੰਗ 'ਤੇ ਮਨਾਹੀ ਹੈ।

ਇਸ ਲਈ ਸਾਰੇ ਡੀ.ਸੀਜ਼ ਅਤੇ ਐਸ.ਐਸ.ਪੀਜ਼ ਨੂੰ ਇਕ ਪੱਤਰ ਜਾਰੀ ਕਰਕੇ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਦਰਿਆਵਾਂ ਵਿਚਲੀਆਂ ਖਾਣਾਂ 'ਤੇ ਚੌਕਸੀ ਰੱਖੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮੌਨਸੂਨ ਸੀਜ਼ਨ ਦੌਰਾਨ ਇਨ੍ਹਾਂ ਖੱਡਾਂ ਵਿਚੋਂ ਕੋਈ ਨਿਕਾਸੀ ਨਾ ਹੋਵੇ। ਸ੍ਰੀ ਸਰਕਾਰੀਆ ਨੇ ਕਿਹਾ ਹੈ ਕਿ ਮਨਾਹੀ ਵਾਲੀਆਂ ਖੱਡਾਂ 'ਤੇ ਮਾਈਨਿੰਗ ਨਾਲ ਸਬੰਧਤ ਕੋਈ ਵੀ ਮਸ਼ੀਨਰੀ ਜਾਂ ਸਬੰਧਤ ਸਾਮਾਨ ਮੌਜੂਦ ਨਹੀਂ ਹੋਣਾ ਚਾਹੀਦਾ।

 ਮੌਨਸੂਨ ਦੇ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਰੇਤ ਦੀ ਕੋਈ ਕਮੀ ਨਾ ਆਵੇ ਇਸ ਲਈ ਵੱਖ-ਵੱਖ ਜ਼ਿਲ੍ਹਿਆਂ ਦੀਆਂ ਉਨ੍ਹਾਂ ਖਾਣਾਂ 'ਤੇ ਮਾਈਨਿੰਗ ਹੋ ਸਕੇਗੀ ਜੋ ਦਰਿਆਵਾਂ ਤੋਂ ਬਾਹਰ ਹਨ। ਸ੍ਰੀ ਸਰਕਾਰੀਆ ਨੇ ਦੱਸਿਆ ਕਿ ਸੂਬੇ ਵਿਚ ਬੱਜਰੀ ਦੀਆਂ 47 ਖਾਣਾਂ ਦੀ  ਅਸੈਸਮੈਂਟ ਦਾ ਕੰਮ ਵੀ ਜਾਰੀ ਹੈ ਅਤੇ ਜਲਦ ਹੀ ਇਨ੍ਹਾਂ ਦੀ ਨਿਲਾਮੀ ਕਰਵਾਈ ਜਾਵੇਗੀ। ਇਸ ਨਾਲ ਕਰੈਸ਼ਰ ਉਦਯੋਗ ਨੂੰ ਹੋਰ ਜ਼ਿਆਦਾ ਕੱਚਾ ਮਾਲ ਉਪਲੱਬਧ ਹੋਵੇਗਾ। ਪੰਜਾਬ ਵਿਚ ਵੱਖਰੇ ਤੌਰ 'ਤੇ ਮਾਈਨਜ਼ ਅਤੇ ਜਿਆਲੋਜੀ ਵਿਭਾਗ ਦੀ ਸਥਾਪਨਾ ਹੋ ਚੁੱਕੀ ਹੈ।

ਇਸ ਵਿਭਾਗ ਵਿਚ 6 ਕਾਰਜਕਾਰੀ ਇੰਜੀਨੀਅਰ ਰੈਂਕ ਦੇ ਅਧਿਕਾਰੀਆਂ ਨੂੰ ਬਤੌਰ ਜ਼ਿਲ੍ਹਾ ਮਾਈਨਿੰਗ ਅਫਸਰ ਤੈਨਾਤ ਕੀਤਾ ਗਿਆ ਹੈ ਜਦਕਿ ਸਬ-ਡਵੀਜ਼ਨਲ ਰੈਂਕ ਦੇ 28 ਅਫਸਰਾਂ ਨੂੰ ਬਤੌਰ ਸਹਾਇਕ ਮਾਈਨਿੰਗ ਅਫਸਰ ਤੈਨਾਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਸਮੇਤ ਹੋਰ ਦਫਤਰੀ ਅਮਲੇ ਨੂੰ ਵੀ ਜਲਦ ਹੀ ਜ਼ਿਲ੍ਹਿਆਂ ਵਿਚ ਲਾ ਦਿੱਤਾ ਜਾਵੇਗਾ।