ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਾ ਤਸਕਰਾਂ ਨੂੰ ਚਿਤਾਵਨੀ 'ਬਸ ਬਹੁਤ ਹੋ ਗਿਐ ਹੋਰ ਸਹਿਣ ਨਹੀਂ ਕਰਾਂਗੇ'
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਲਗਾਤਾਰ ਤਬਾਹ ਕਰਨ ਲਈ ਨਸ਼ਿਆਂ ਦੇ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ....
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਲਗਾਤਾਰ ਤਬਾਹ ਕਰਨ ਲਈ ਨਸ਼ਿਆਂ ਦੇ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਨਸ਼ਿਆਂ ਦੀ ਸਮਗਲਿੰਗ ਛੱਡ ਦਿਉ ਨਹੀਂ ਤਾਂ ਸਖ਼ਤ ਅਤੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੋ। ਮੁੱਖ ਮੰਤਰੀ ਨੇ ਇਕ ਵੀਡੀਓ ਰਿਕਾਰਡਿੰਗ ਰਾਹੀਂ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਮੱਸਿਆ ਨਾਲ ਨਿਪਟਣ ਲਈ ਕਾਨੂੰਨ ਵਿਚ ਤਬਦੀਲੀ ਲਿਆਂਦੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, ''ਨਸ਼ਾ ਤਸਕਰਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਹੈ ਅਤੇ ਮੈ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਇਸ ਨੂੰ ਲਗਾਤਾਰ ਜਾਰੀ ਰਹਿਣ ਦੀ ਆਗਿਆ ਨਹੀਂ ਦੇਵਾਂਗੇ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਸੂਬੇ ਵਿਚ ਨਸ਼ਿਆਂ ਨਾਲ ਸਬੰਧਤ ਮੌਤਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਆਦਾ ਨਸ਼ਾ ਲੈਣ ਕਾਰਨ ਕੁਹਰਾਮ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੇ ਸਮਗਲਰਾਂ ਨੂੰ ਕਰੜੇ ਹੱਥੀਂ ਨਿਪਟਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਉਨ੍ਹਾਂ ਦੀ ਸਰਕਾਰ ਵੱਲੋਂ ਕਈ ਮਹੱਤਵਪੂਰਨ ਫੈਸਲੇ ਲਈੇ ਗਏ ਹਨ
ਅਤੇ ਜਦੋਂ ਤੱਕ ਉਹ ਇੱਥੇ ਹਨ ਉਹ ਇਸ ਸਮੱਸਿਆ ਦੇ ਖਾਤਮੇ ਨੂੰ ਯਕੀਨੀ ਬਨਾਉਣਗੇ। ਨਸ਼ਿਆਂ ਨਾਲ ਪੀੜਤ ਲੋਕਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੂੰ ਸਰਕਾਰੀ ਅਤੇ ਨਿਜੀ ਹਸਪਤਾਲਾਂ ਨਾਲ ਤਾਲਮੇਲ ਕਰਨ ਲਈ ਆਖਿਆ ਹੈ ਤਾਂ ਜੋ ਨਸ਼ਈਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਵਾਇਆ ਜਾ ਸਕੇ।
ਪੰਜਾਬ ਮੰਤਰੀ ਮੰਡਲ ਵੱਲੋਂ ਨਸ਼ਿਆਂ ਦੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਕੀਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਬਗੈਰ ਕਿਸੇ ਲਿਹਾਜ਼ ਕੀਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਉਹ ਨਸ਼ਿਆਂ ਵਿਰੁੱਧ ਜੰਗ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਹਰ ਸੋਮਵਾਰ ਸ਼ਾਮ ਤਿੰਨ ਵਜੇ ਮੀਟਿੰਗ ਕਰਿਆ ਕਰਨਗੇ।
ਨਸ਼ਿਆਂ ਦੀ ਵਰਤੋਂ ਨੂੰ ਇਕ ਬਿਮਾਰੀ ਦਸਦੇ ਅਤੇ ਇਸ ਦੇ ਜ਼ਰੂਰੀ ਇਲਾਜ ਦੀ ਜ਼ਰੂਰਤ ਉਪਰ ਜ਼ੋਰ ਦਿੰਦੇ ਹੋਏ ਉਨ੍ਹਾਂ ਨਸ਼ਿਆਂ ਦੇ ਪੀੜਤਾਂ ਦੇ ਮੁੜ ਵਸੇਬੇ ਦੀ ਜ਼ਰੂਰਤ 'ਤੇ ਜ਼ੋਰ Îਦਿੰਦਿਆਂ ਨਸ਼ਿਆਂ ਵਿਰੁਧ ਲੋਕ ਲਹਿਰ ਖੜੀ ਕਰਨ ਲਈ ਮੁਹਿੰਮ ਚਲਾਏ ਜਾਣ 'ਤੇ ਜ਼ੋਰ ਦਿੱਤਾ ਹੈ।
ਇਸ ਬਿਆਨ ਤੋਂ ਪਹਿਲਾਂ ਉਨ੍ਹਾਂ ਨੇ ਸਮਾਜਿਕ ਕਾਰਕੁਨਾਂ ਦੇ ਇਕ ਗਰੁੱਪ ਨਾਲ ਵਿਚਾਰ ਚਰਚਾ ਕੀਤੀ। ਇਹ ਗਰੁੱਪ ਅੱਜ ਨਸ਼ਿਆਂ ਦੀ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ 'ਤੇ ਆਇਆ ਸੀ। ਇਨ੍ਹਾਂ ਕਾਰਕੁਨਾਂ ਵਿਚ ਇਕ ਸਾਬਕਾ ਪੀੜਤ ਵੀ ਸ਼ਾਮਲ ਸੀ। ਇਨ੍ਹਾਂ ਨੇ ਹਾਲ ਹੀ ਵਿਚ ਇਸ ਸਮੱਸਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਵਿਚ ''ਨਸ਼ਿਆਂ ਵਿਰੁੱਧ ਕਾਲਾ ਹਫ਼ਤਾ'' ਮੁਹਿੰਮ ਸ਼ੁਰੂ ਕੀਤੀ ਹੈ।
ਇਸ ਗਰੁੱਪ ਵਿਚ ਡਾਕਟਰ ਭੁਪਿੰਦਰ ਸਿੰਘ, ਹਾਕਮ ਸਿੰਘ, ਬਲਜੀਤ ਪਨੂੰ ਅਤੇ ਬਲਜਿੰਦਰ ਸਿੰਘ(ਮਿੰਟੂ) ਸ਼ਾਮਲ ਸਨ। ਮਿੰਟੂ ਆਪ ਕਿਸੇ ਸਮੇਂ ਨਸ਼ਿਆਂ ਤੋਂ ਪੀੜਤ ਸੀ। ਇਨ੍ਹਾਂ ਕਾਰਕੁੰਨਾਂ ਨੇ ਇਸ ਸਬੰਧ ਵਿਚ ਅਕਾਲੀਆਂ 'ਤੇ ਦੋਸ਼ ਮੜ੍ਹਿਆ ਜਿਨ੍ਹਾਂ ਨੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਖੇਡਾਂ ਅਤੇ ਹੋਰ ਸਰਗਰਮੀਆਂ ਵਿਚ ਫੰਡਾਂ ਨੂੰ ਘਟਾ ਦਿੱਤਾ ਜਿਸ ਨਾਲ ਇਨ੍ਹਾਂ ਨੌਜਵਾਨਾਂ ਨੂੰ ਰੁਝੇਵੇਂ ਵਿਚ ਰੱਖਿਆ ਜਾ ਸਕਦਾ ਸੀ
ਅਤੇ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵੱਲ ਜਾਣ ਲਈ ਖੁੱਲਾ ਛੱਡ ਦਿੱਤਾ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ।