ਨਸ਼ਿਆਂ ਦੇ ਮੁੱਦੇ 'ਤੇ ਆਪ ਦੇ ਵਫ਼ਦ ਵਲੋਂ ਕੈਪਟਨ ਨਾਲ ਮੁਲਾਕਾਤ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਡਾ. ਬਲਬੀਰ ਸਿੰਘ ...
ਚੰਡੀਗੜ੍ਹ,ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ 'ਆਪ' ਵਫ਼ਦ ਨੇ ਨਸ਼ਿਆਂ ਦੇ ਭਖਵੇਂ ਮੁੱਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਡਰੱਗ ਮਾਫ਼ੀਆ ਨਾਲ ਸਿਆਸਤਦਾਨਾਂ ਅਤੇ ਪੁਲਿਸ ਦੀ ਜੱਗ-ਜ਼ਾਹਿਰ ਹੋ ਚੁੱਕੀ ਸਾਂਝ-ਭਿਆਲੀ ਤੋੜਨ ਦੀ ਮੰਗ ਰੱਖੀ।
ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਇਸ ਮੁਲਾਕਾਤ ਲਈ ਗਏ 9 ਮੈਂਬਰੀ ਵਫ਼ਦ 'ਚ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਰੁਪਿੰਦਰ ਕੌਰ ਰੂਬੀ, ਜਗਦੇਵ ਸਿੰਘ ਕਮਾਲੂ ਅਤੇ ਮਾਸਟਰ ਬਲਦੇਵ ਸਿੰਘ ਜੈਤੋ ਵੀ ਸ਼ਾਮਲ ਸਨ।
ਮੁੱਖ ਮੰਤਰੀ ਨਾਲ ਬੈਠਕ ਉਪਰੰਤ ਮੀਡੀਆ ਦੇ ਰੂਬਰੂ ਹੁੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਨਸ਼ਿਆਂ ਦੀ ਭਿਆਨਕ ਤ੍ਰਾਸਦੀ 'ਚ ਡੁੱਬੇ ਪੰਜਾਬ ਦੀ ਜ਼ਮੀਨੀ ਹਕੀਕਤ ਮੁੱਖ ਮੰਤਰੀ ਦੇ ਸਾਹਮਣੇ ਰੱਖੀ। ਮੰਗ ਕੀਤੀ ਕਿ ਡਰੱਗ ਮਾਫ਼ੀਆ ਵੱਲੋਂ ਸਰਹੱਦੀ ਜ਼ਿਲਿਆਂ ਸਮੇਤ ਪੂਰੇ ਪੰਜਾਬ 'ਚ ਮਚਾਈ ਤਰਥੱਲੀ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਦੀ ਸਮਾਂਬੱਧ ਜਾਂਚ ਕਰਵਾਈ ਜਾਵੇ ਤਾਂ ਕਿ ਸਿਆਸਤਦਾਨਾਂ ਅਤੇ ਪੁਲਸ ਦੀ ਸ਼ਮੂਲੀਅਤ ਦਾ ਪੂਰਾ ਸੱਚ ਸਾਹਮਣੇ ਆ ਸਕੇ।
ਭਗਵੰਤ ਮਾਨ ਅਨੁਸਾਰ ਉਨ੍ਹਾਂ ਇਸ ਸੀਬੀਆਈ ਜਾਂਚ 'ਚ ਬਿਕਰਮ ਸਿੰਘ ਮਜੀਠੀਆ ਨੂੰ ਸ਼ਾਮਲ ਕਰਕੇ ਸਖ਼ਤ ਕਾਰਵਾਈ ਲਈ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ। ਡਰੱਗ ਮਾਫ਼ੀਆ ਵਿਰੁੱਧ ਗਠਿਤ ਕੀਤੀ ਐਸ.ਟੀ.ਐਫ ਵੱਲੋਂ ਹਾਈਕੋਰਟ 'ਚ ਪੇਸ਼ ਜਾਂਚ ਰਿਪੋਰਟ ਨੂੰ ਜਨਤਕ ਕਰਨ ਦੇ ਨਾਲ-ਨਾਲ ਇਸ ਜਾਂਚ ਰਿਪੋਰਟ 'ਚ ਸ਼ਾਮਲ ਦੋਸ਼ੀਆਂ ਉੱਤੇ ਬਗੈਰ ਹੋਰ ਦੇਰੀ ਕੀਤਿਆਂ ਮਿਸਾਲੀਆ ਕਾਰਵਾਈ ਕੀਤੀ ਜਾਵੇ।
ਭਗਵੰਤ ਮਾਨ ਮੁਤਾਬਿਕ ਉਨ੍ਹਾਂ ਮੁੱਖ ਮੰਤਰੀ ਨੂੰ ਸੁਚੇਤ ਕੀਤਾ ਕਿ ਪੰਜਾਬ ਦੇ ਲੋਕਾਂ ਦਾ ਪੁਲਸ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ, ਜਿਸ ਕਾਰਨ ਲੋਕ ਨਸ਼ਿਆਂ ਦੇ ਤਸਕਰਾਂ ਨੂੰ ਖ਼ੁਦ ਹੀ ਸਖ਼ਤ ਸਜਾਵਾਂ ਦੇਣ ਲੱਗ ਪਏ ਹਨ। ਜੇਕਰ ਸਮਾਂ ਰਹਿੰਦੇ ਸਥਿਤੀ ਨਾ ਸੰਭਾਲੀ ਤਾਂ ਸੂਬੇ 'ਚ ਅਮਨ-ਕਾਨੂੰਨ ਦੀ ਵੱਡੀ ਚੁਨੌਤੀ ਖੜੀ ਹੋ ਜਾਵੇਗੀ। ਇਸ ਲਈ ਨਜ਼ਰਅੰਦਾਜ਼ ਕੀਤੇ ਚੰਗੇ ਪੁਲਸ ਅਫ਼ਸਰਾਂ ਨੂੰ ਫ਼ੀਲਡ 'ਚ ਤੈਨਾਤ ਕਰਕੇ ਲੋਕਾਂ ਦਾ ਪੁਲਸ ਪ੍ਰਤੀ ਵਿਸ਼ਵਾਸ ਬਹਾਲ ਕੀਤਾ ਜਾਵੇ।
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ 'ਆਪ' ਵਫ਼ਦ ਨੇ ਨਸ਼ਿਆਂ ਦੇ ਮੁੱਦੇ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ 'ਤੇ ਜ਼ੋਰ ਦਿੱਤਾ। ਸੁਖਪਾਲ ਸਿੰਘ ਖਹਿਰਾ ਅਨੁਸਾਰ ਉਨ੍ਹਾਂ ਐਸਟੀਐਫ ਦੀ ਜਾਂਚ ਰਿਪੋਰਟ 'ਚ ਸ਼ਾਮਲ ਸਾਰੇ ਦਾਗ਼ੀ ਪੁਲਸ ਅਫ਼ਸਰਾਂ ਨੂੰ ਉਨ੍ਹਾਂ ਦੇ ਮੌਜੂਦਾ ਅਹੁਦਿਆਂ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ। 'ਆਪ' ਵਫ਼ਦ ਮੁਤਾਬਿਕ ਉਨ੍ਹਾਂ ਮੁੱਖ ਮੰਤਰੀ ਦੀਆਂ ਜ਼ਮੀਨੀ ਹਕੀਕਤ ਬਾਰੇ ਚੰਗੀ ਤਰ੍ਹਾਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀਆਂ ਮੰਗਾਂ ਅਤੇ ਸੁਝਾਵਾਂ ਉੱਤੇ ਗੰਭੀਰਤਾ ਨਾਲ ਗ਼ੌਰ ਅਤੇ ਬਿਨਾਂ ਦੇਰੀ ਕੀਤਿਆਂ ਕਦਮ ਚੁੱਕਣਗੇ।