ਡੀ.ਐਸ.ਪੀ. ਢਿਲੋਂ ਦਾ ਚਾਰ ਦਿਨਾਂ ਪੁਲਿਸ ਰੀਮਾਂਡ
ਇਥੋਂ ਦੀ ਇਕ ਅਦਾਲਤ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਨਸ਼ੇ ਦੀ ਲੱਤ ਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਡੀ.ਐਸ.ਪੀ. ਦਲਜੀਤ ਸਿੰਘ ਢਿਲੋਂ ਦਾ ਚਾਰ ਦਿਨਾਂ ....
ਮੋਹਾਲੀ : ਇਥੋਂ ਦੀ ਇਕ ਅਦਾਲਤ ਨੇ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਨਸ਼ੇ ਦੀ ਲੱਤ ਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਡੀ.ਐਸ.ਪੀ. ਦਲਜੀਤ ਸਿੰਘ ਢਿਲੋਂ ਦਾ ਚਾਰ ਦਿਨਾਂ ਪੁਲਿਸ ਰੀਮਾਂਡ ਦੇ ਦਿਤਾ ਹੈ। ਸੂਬਾ ਅਪਰਾਧ ਸ਼ਾਖਾ ਵਲੋਂ ਮੁਲਜ਼ਮ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ ਸੀ।
ਸਰਕਾਰੀ ਧਿਰ ਦੇ ਵਕੀਲ ਨੇ ਅਦਾਲਤ 'ਚ ਮੁਲਜ਼ਮ ਦੇ 7 ਦਿਨਾਂ ਪੁਲਿਸ ਰੀਮਾਂਡ ਦੀ ਮੰਗ ਕਰਦਿਆਂ ਕਿਹਾ ਸੀ
ਕਿ ਉਸ ਕੋਲੋਂ ਰੀਕਵਰੀ ਕਰਵਾਉਣੀ ਬਾਕੀ ਹੈ ਅਤੇ ਦੋਸ਼ 'ਚ ਸ਼ਾਮਲ ਉਸ ਦੇ ਹੋਰ ਸਾਥੀਆਂ ਬਾਰੇ ਜਾਣਕਾਰੀ ਲੈਣੀ ਜ਼ਰੂਰੀ ਹੈ। ਸਰਕਾਰੀ ਧਿਰ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਮੁਲਜ਼ਮ ਤੋਂ ਨਸ਼ਾ ਤਸਕਰੀ 'ਚ ਫਸੇ ਹੋਰ ਪੁਲਿਸ ਅਫ਼ਸਰਾਂ ਦੇ ਨਾਂ ਕਢਵਾਉਣ ਲਈ 7 ਦਿਨ ਦਾ ਰੀਮਾਂਡ ਦਿਤਾ ਜਾਵੇ। ਇਕ ਵੱਖਰੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਮੁਲਜ਼ਮ ਦੇ ਦੋ ਹੋਰ ਸਾਥੀਆਂ, ਜਿਨ੍ਹਾਂ 'ਚ ਇਕ ਮਹਿਲਾ ਵੀ ਸ਼ਾਮਲ ਹੈ, ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਚੇਤੇ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਐਸ.ਪੀ. ਢਿਲੋਂ ਨੂੰ ਲੰਘੇ ਕੱਲ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਸੀ।
ਇਸ ਤੋਂ ਪਹਿਲਾਂ ਉਸ ਦੇ ਦੋਸ਼ਾਂ 'ਚ ਘਿਰਨ ਦੇ ਤੁਰਤ ਮਗਰੋਂ ਮੁਅਤਲੀ ਦੇ ਹੁਕਮ ਜਾਰੀ ਕਰ ਦਿਤੇ ਗਏ ਸਨ। ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਦੋ ਔਰਤਾਂ ਨੇ ਡੀ.ਐਸ.ਪੀ. ਢਿਲੋਂ 'ਤੇ ਉਨ੍ਹਾਂ ਨੂੰ ਵਰਗਲਾ ਕੇ ਨਸ਼ੇ ਦੀ ਚਾਟ 'ਤੇ ਲਗਾਉਣ ਦੇ ਦੋਸ਼ ਲਗਾਏ ਸਨ ਅਤੇ ਮੁਢਲੀ ਜਾਂਚ ਦੌਰਾਨ ਉਹ ਦੋਸ਼ੀ ਪਾਇਆ ਗਿਆ ਸੀ।