ਸੁਖਬੀਰ ਵਲੋਂ ਮੁੱਖ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਭਾਰੀ ਵਾਧੇ ਦੇ ਫੈਸਲੇ ਦਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਨਾਜ, ਦਾਲਾਂ, ਤੇਲ ਦੇ ਬੀਜਾਂ ਅਤੇ ਕਪਾਹ ਆਦਿ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ...

Sukhbir Singh Badal

ਚੰਡੀਗੜ੍ਹ,  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਨਾਜ, ਦਾਲਾਂ, ਤੇਲ ਦੇ ਬੀਜਾਂ ਅਤੇ ਕਪਾਹ ਆਦਿ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਵਿਚ ਭਾਰੀ ਵਾਧਾ ਕਰਨ ਸੰਬੰਧੀ ਐਨਡੀਏ ਸਰਕਾਰ ਵੱਲੋਂ ਲਏ ਫੈਸਲੇ ਦਾ ਸਵਾਗਤ ਕੀਤਾ ਹੈ। ਇਨ੍ਹਾਂ ਫਸਲਾਂ ਦੇ ਸਮਰਥਨ ਮੁੱਲ ਵਿਚ ਇਸ ਢੰਗ ਨਾਲ ਵਾਧਾ ਕਰਨ ਦਾ ਫੈਸਲਾ ਲਿਆ Îਗਿਆ ਹੈ ਕਿ ਆਪਣੀ ਮਜ਼ਦੂਰੀ ਸਮੇਤ ਫਸਲਾਂ ਉੱਤੇ ਆਉਣ ਵਾਲੇ ਸਾਰੇ ਖਰਚੇ ਕੱਢ ਕੇ ਵੀ ਕਿਸਾਨਾਂ ਨੂੰ 50 ਫੀਸਦੀ ਤੋਂ ਵੱਧ ਦਾ ਮੁਨਾਫਾ ਹੋਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂਕਿ ਗੰਨੇ ਦੀ ਖੇਤੀ ਨੂੰ ਹੁਲਾਰਾ ਦੇਣ ਲਈ 8 ਹਜ਼ਾਰ ਕਰੋੜ ਰੁਪਏ ਦਾ ਪੈਕਜ ਦਿੱਤਾ ਜਾ ਚੁੱਕਿਆ ਹੈ, ਪਰ ਕੇਂਦਰ ਦਾ ਗੰਨੇ ਦਾ ਵਾਜਬ ਅਤੇ ਲਾਭਕਾਰੀ ਮੁੱਲ (ਐਫਆਰਪੀ) ਵਧਾਉਣ ਦਾ ਫੈਸਲਾ ਪੂਰੇ ਮੁਲਕ ਦੇ ਗੰਨਾ ਉਤਪਾਦਕਾਂ ਲਈ ਇੱਕ  ਵਰਦਾਨ ਸਾਬਿਤ ਹੋਵੇਗਾ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ

ਅਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਵੱਡੇ ਫੈਸਲਿਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲੇ ਨਾ ਸਿਰਫ ਖੇਤੀਬਾੜੀ ਨੂੰ ਇਸ ਦੇ ਮੌਜੂਦਾ ਸੰਕਟ ਵਿਚੋਂ ਬਾਹਰ ਕੱਢਣਗੇ, ਸਗੋਂ ਖੇਤੀ ਅਰਥ ਵਿਵਸਥਾ ਨੂੰ ਲੋੜੀਂਦਾ ਹੁਲਾਰਾ ਦੇਣਗੇ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੇਂਦਰੀ ਭੰਡਾਰ ਵਾਸਤੇ ਕਣਕ ਅਤੇ ਝੋਨਾ ਉਗਾਉਣ ਲਈ ਵਰਤੇ ਜਾਂਦੇ ਮਹਿੰਗੇ ਪਾਣੀ ਦੀ ਕੀਮਤ ਨੂੰ ਵੀ ਖੇਤੀ ਲਾਗਤ ਵਿਚ ਜੋੜਿਆ ਜਾਵੇ।  

ਉਹਨਾਂ ਕਿਹਾ ਕਿ ਫਸਲਾਂ ਦੀ ਲਾਗਤ ਕੱਢਣ ਵੇਲੇ ਇਹਨਾਂ ਖਰਚਿਆਂ ਨੂੰ ਵੀ ਵਿਚ ਜੋੜਿਆ ਜਾ ਸਕੇਗਾ। ਉਹਨਾਂ ਕਿਹਾ ਕਿ ਹਰੀ ਕ੍ਰਾਂਤੀ ਸ਼ੁਰੂ ਹੋਣ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਵਿਚ ਧਰਤੀ ਹੇਠਲੇ ਪਾਣੀ ਵਿਚ ਲਗਾਤਾਰ ਗਿਰਾਵਟ ਆਈ ਹੈ। ਕੇਂਦਰੀ ਪੂਲ ਵਾਸਤੇ ਝੋਨਾ ਪੈਦਾ ਕਰਨਾ ਇਸ ਗਿਰਾਵਟ ਦੀ ਸਭ ਤੋਂ ਵੱਡੀ ਵਜ੍ਹਾ ਰਿਹਾ ਹੈ।