ਰੇਲਵੇ ਪੁਲ 'ਤੇ ਖ਼ਤਰਨਾਕ ਸਟੰਟ ਕਰਦੇ 5 ਨੌਜਵਾਨ ਪੁਲਿਸ ਅੜਿੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਕਾਰੀਆਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਵੀ ਬਾਜ਼ ਨਾ ਆਏ ਸਟੰਟਬਾਜ਼

5 Youth arrested by police for doing dangerous stunt

ਲੁਧਿਆਣਾ : ਦੇਸ਼ ਦੇ ਕਈ ਹਿੱਸਿਆਂ 'ਚ ਕੁਝ ਅਜਿਹੀ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਚ ਰੇਲ ਗੱਡੀਆਂ 'ਤੇ ਖ਼ਤਰਨਾਕ ਸਟੰਟ ਕਰਦੇ ਨੌਜਵਾਨ ਵਿਖਾਈ ਦਿੰਦੇ ਹਨ। ਹੁਣ ਲੁਧਿਆਣਾ ਦੀ ਗਿੱਲ ਨਹਿਰ 'ਤੇ ਕੁਝ ਨੌਜਵਾਨਾਂ ਵੱਲੋਂ ਆਪਣੀ ਜਾਨ ਨੂੰ ਜ਼ੋਖ਼ਮ 'ਚ ਪਾ ਕੇ ਸਟੰਟਬਾਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁਧਵਾਰ ਨੂੰ ਆਰਪੀਐਫ਼ ਲੁਧਿਆਣਾ ਦੀ ਵਿਸ਼ੇਸ਼ ਟੀਮ ਨੇ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਾ ਮੰਨਣ ਵਾਲੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਸਾਰੇ ਲੋਕ ਖ਼ਤਰਨਾਕ ਸਟੰਟ ਕਰ ਰਹੇ ਸਨ।

ਇਹ ਸਟੰਟਬਾਜ਼ ਨਹਿਰ ਉੱਤੇ ਬਣੇ ਪੁਲ 'ਤੇ ਖੜੇ ਹੁੰਦੇ ਸਨ ਅਤੇ ਰੇਲ ਗੱਡੀ ਦਾ ਇੰਤਜ਼ਾਰ ਕਰਦੇ ਸਨ। ਜਦੋਂ ਰੇਲ ਗੱਡੀ ਆਉਂਦੀ ਸੀ ਤਾਂ ਰੇਲ ਨੂੰ ਹੱਥ ਲਗਾ ਕੇ ਨਹਿਰ 'ਚ ਛਾਲ ਮਾਰਦੇ ਸਨ। ਇਸ ਦੀ ਸੂਚਨਾ ਆਰ.ਪੀ.ਐਫ. ਨੂੰ ਮਿਲੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਸਟੰਟਬਾਜ਼ ਫੜ ਲਏ।

ਆਰਪੀਐਫ਼ ਦੇ ਪੋਸਟ ਕਮਾਂਡਰ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਖ਼ਤਰਨਾਕ ਖੇਡ ਨੂੰ ਲਗਾਮ ਲਗਾਉਣ ਲਈ ਵਿਸ਼ੇਸ਼ ਟੀਮ ਬਣਾਈ ਗਈ। ਉਨ੍ਹਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਲੋਕਾਂ ਨੂੰ ਸਮਝਾਉਣ ਕਿ ਅਜਿਹੇ ਸਟੰਟ ਕਰ ਆਪਣੀ ਜਾਨ ਖ਼ਤਰੇ 'ਚ ਪਾਉਂਦੇ ਹਨ। ਰੇਲ ਗੱਡੀ ਦੀ ਚਪੇਟ 'ਚ ਆ ਕੇ ਉਹ ਗੰਭੀਰ ਜ਼ਖ਼ਮੀ ਹੋ ਸਕਦੇ ਹਨ ਜਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।

ਅਧਿਕਾਰੀਆਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਵੀ ਅਜਿਹਾ ਨਾ ਕਰਨ ਵਾਲੇ ਪੰਜ ਸਟੰਟਬਾਜ਼ਾਂ ਨੂੰ ਆਰ.ਪੀ.ਐਫ. ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਰੁੱਧ ਆਰ.ਪੀ.ਐਫ. ਲੁਧਿਆਣਾ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲੇ ਦਰਜ ਕੀਤੇ ਹਨ। ਇਹ ਨੌਜਵਾਨ ਆਪਸ 'ਚ ਸ਼ਰਤਾਂ ਲਗਾ ਕੇ ਸਟੰਟਬਾਜ਼ੀ ਕਰਦੇ ਸਨ।