ਨਿਜੀ ਸਕੂਲਾਂ ਤੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਨਹੀਂ ਮੰਗੀ ਜਾ ਸਕਦੀ : ਹਾਈ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ੀਸਾਂ ਦੀ ਉਗਰਾਹੀ ਮਗਰੋਂ ਹੁਣ ਨਿਜੀ ਸਕੂਲਾਂ ਨੂੰ ਇਕ ਹੋਰ ਵੱਡੀ ਰਾਹਤ

High Court

ਚੰਡੀਗੜ੍ਹ, 2 ਜੁਲਾਈ, (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿਜੀ ਸਕੂਲਾਂ ਦੀ ਇਕ ਪਟੀਸ਼ਨ  ਉਤੇ ਸੁਣਵਾਈ ਕਰਦੇ ਹੋਏ ਸਪੱਸ਼ਟ ਕਰ ਦਿਤਾ ਹੈ ਕਿ ਨਿਜੀ ਸਕੂਲਾਂ ਤੋਂ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਜਾਣਕਾਰੀ ਨਹੀਂ ਮੰਗੀ ਜਾ ਸਕਦੀ। ਜੇਕਰ ਸਿਖਿਆ ਵਿਭਾਗ ਨਿਜੀ ਸਕੂਲਾਂ ਦੀ ਕੋਈ ਜਾਣਕਾਰੀ ਅਪਣੇ ਕੋਲ ਰਖਦਾ ਹੈ ਤਾਂ ਵਿਭਾਗ ਉਹ ਜਾਣਕਾਰੀ ਕਿਸੇ ਹੋਰ ਨਾਲ ਸਾਂਝੀ ਨਹੀਂ ਕਰ ਸਕਦਾ। ਹਾਈ ਕੋਰਟ ਨੇ ਇਸ ਮਾਮਲੇ ਵਿਚ ਹਰਿਆਣਾ ਸਿਖਿਆ ਵਿਭਾਗ ਨੂੰ ਨੋਟਿਸ ਜਾਰੀ ਕਰ ਜਵਾਬ ਵੀ ਤਲਬ ਕੀਤਾ ਹੈ। 

ਹਰਿਆਣਾ ਪ੍ਰਾਈਵੇਟ ਸਕੂਲ ਟਰੱਸਟ ਹਿਸਾਰ ਦੁਆਰਾ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਹਰਿਆਣਾ ਸਰਕਾਰ ਦੇ ਉਸ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਜਿਸ ਵਿਚ ਸਰਕਾਰ ਨੇ ਉਨ੍ਹਾਂ ਨੂੰ ਸੂਚਨਾ ਦੇ ਅਧਿਕਾਰ  ਤਹਿਤ ਜਾਣਕਾਰੀ ਦੇਣ ਦਾ ਆਦੇਸ਼ ਦਿਤਾ ਹੋਇਆ ਹੈ।  ਯਾਚੀ ਸਕੂਲ ਨੇ ਹਾਈ ਕੋਰਟ ਨੂੰ ਦਸਿਆ ਕਿ ਉਹ ਸੈਲਫ ਫਾਇਨੈਂਸ ਸਕੂਲ ਹੈ। ਸੂਚਨਾ ਦੇ ਅਧਿਕਾਰ ਤਹਿਤ ਉਸ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਾਣਕਾਰੀ ਤੀਸਰੇ ਪੱਖ ਨੂੰ ਨਹੀਂ ਦਿਤੀ ਜਾ ਸਕਦੀ। ਹਾਈ ਕੋਰਟ ਇਕ ਮਾਮਲੇ ਵਿਚ ਫ਼ੈਸਲੇ ਦੇ ਚੁੱਕਾ ਹੈ ਕਿ ਨਿਜੀ ਸਕੂਲ ਨੂੰ ਸੂਚਨਾ  ਦੇ ਅਧਿਕਾਰ ਤਹਿਤ ਨਹੀਂ ਰਖਿਆ ਜਾ ਸਕਦਾ।

ਦੱਸਣਯੋਗ ਹੈ ਕਿ ਲਾਕਡਾਊਨ ਮਿਆਦ ਦੌਰਾਨ ਮਾਪੇ ਨਿਜੀ ਸਕਲਾਂ ਤੋਂ ਸੂਚਨਾ ਦੇ ਅਧਿਕਾਰ ਤਹਿਤ ਕਮਾਈ ਨਾਲ ਸਬੰਧਤ ਜਾਣਕਾਰੀ ਦੇਣ ਦੀ ਮੰਗ ਕਰ ਰਹੇ ਹਨ।  ਇਸ ਤੋਂ ਨਿਜੀ ਸਕੂਲ ਸਕਤੇ ਵਿਚ ਹਨ। ਮਾਪੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਵੀ ਨਿਜੀ ਸਕੂਲਾਂ ਦੀ ਜਾਣਕਾਰੀ ਦੇਣ ਦੀ ਮੰਗ ਕਰ ਰਹੇ ਹਨ, ਪਰ ਹਾਈ ਕੋਰਟ  ਦੇ ਇਸ ਫ਼ੈਸਲੇ ਨਾਲ ਨਿਜੀ ਸਕੂਲਾਂ ਨੂੰ ਰਾਹਤ ਮਿਲੇਗੀ।