ਪੰਜਾਬ : ਕੋਰੋਨਾ ਨਾਲ 6 ਹੋਰ ਮੌਤਾਂ, 153 ਨਵੇਂ ਪਾਜ਼ੇਟਿਵ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੋਰੋਨਾ ਕਹਿਰ ਦੇ ਚਲਦਿਆਂ ਅੱਜ 6 ਹੋਰ ਮੌਤਾਂ ਹੋਈਆਂ ਹਨ ਅਤੇ ਸ਼ਾਮ ਤਕ 24 ਘੰਟਿਆਂ ਦੌਰਾਨ 153

corona virus

ਚੰਡੀਗੜ੍ਹ, 3 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਕਹਿਰ ਦੇ ਚਲਦਿਆਂ ਅੱਜ 6 ਹੋਰ ਮੌਤਾਂ ਹੋਈਆਂ ਹਨ ਅਤੇ ਸ਼ਾਮ ਤਕ 24 ਘੰਟਿਆਂ ਦੌਰਾਨ 153 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਲੁਧਿਆਣਾ ਵਿਚ ਲਗਾਤਾਰ 6ਵੇਂ ਦਿਨ ਕੋਰੋਨਾ ਬਲਾਸਟ ਹੋਇਆ ਹੈ ਅਤੇ ਅੱਜ ਇਕੋ ਦਿਨ ਵਿਚ ਇਥੇ 54 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਹੁਣ ਸੂਬੇ ਵਿਚ ਜਿਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 161 ਤਕ ਪਹੁੰਚ ਗਈ ਹੈ, ਉਥੇ ਪਾਜ਼ੇਟਿਵ ਮਰੀਜ਼ਾਂ ਦਾ ਕੁਲ ਅੰਕੜਾ ਵੀ 5900 ਨੂੰ ਪਾਰ ਗਿਆ ਹੈ। ਅੱਜ 3 ਮੌਤਾਂ ਅੰਮ੍ਰਿਤਸਰ ਤੇ 3 ਲੁਧਿਆਣਾ ਵਿਚ ਹੋਈਆਂ ਹਨ।

ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5937 ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਅੱਜ 122 ਹੋਰ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲਣ ਬਾਅਦ ਹੁਣ ਸੂਬੇ ਵਿਚ ਠੀਕ ਹੋਣ ਵਾਲੇ ਕੁਲ ਵਿਅਕਤੀਆਂ ਦੀ ਗਿਣਤੀ 4266 ਹੋ ਗਈ ਹੈ। ਅੱਜ 18 ਜ਼ਿਲਿ੍ਹਆਂ ਵਿਚ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਜ਼ਿਕਰਯੋਗ ਹੈ ਕਿ ਕਈ ਥਾਵਾਂ ’ਤੇ ਪੁਲਿਸ ਮੁਲਾਜ਼ਮ, ਹੈਲਥ ਸਟਾਫ਼ ਅਤੇ ਬੈਂਕ ਮੁਲਾਜ਼ਮਾਂ ਦੇ ਪਾਜ਼ੇਟਿਵ ਮਾਮਲੇ ਆਏ ਹਨ। ਹੁਣ ਕੋਰੋਨਾ ਹਰ ਵਰਗ ਅਤੇ ਥਾਂ ਤਕ ਫੈਲ ਰਿਹਾ ਹੈ। ਬੀਤੇ ਦਿਨੀਂ ਬਠਿੰਡਾ ਛਾਉਣੀ ਵਿਚ ਵੀ 3 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ।

ਇਸ ਸਮੇਂ ਇਲਾਜ ਅਧੀਨ 1514 ਮਰੀਜ਼ਾਂ ’ਚੋਂ 37 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿਚੋਂ 3 ਵੈਂਟੀਲੇਟਰ ਅਤੇ 34 ਆਕਸੀਜਨ ’ਤੇ ਹਨ। ਇਸ ਸਮੇਂ ਜ਼ਿਲ੍ਹਾ ਲੁਧਿਆਣਾ ਵਿਚ ਪਾਜ਼ੇਟਿਵ ਮਰੀਜ਼ਾ ਦਾ ਅੰਕੜਾ 1000 ਦੇ ਨੇੜੇ ਪਹੁੰਚ ਚੁੱਕਾ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਵਿਚ 938 ਅਤੇ ਜਲੰਧਰ ਜ਼ਿਲ੍ਹੇ ਵਿਚ 774 ਕੁਲ ਪਾਜ਼ੇਟਿਵ ਅੰਕੜਾ ਹੈ।