ਪੰਜਾਬ ਸਰਕਾਰ ਲੋਕਾਂ ਲਈ ਸੁਰੱਖਿਅਤ ਅਤੇ ਮਿਆਰੀ ਭੋਜਨ ਪਦਾਰਥ ਯਕੀਨੀ ਬਣਾਉਣ ਲਈ ਵਚਨਬੱਧ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਮੰਤਰੀ ਨੇ 18 ਫ਼ੂਡ ਸੇਫ਼ਟੀ ਅਫ਼ਸਰਾਂ ਨੂੰ ਸੌਂਪੇ ਨਿਯੁਕਤੀ ਪੱਧਰ

Balbir Sidhu

ਚੰਡੀਗੜ੍ਹ, 3 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਲਈ ਸੁਰੱਖਿਅਤ ਅਤੇ ਮਿਆਰੀ ਭੋਜਨ ਪਦਾਰਥ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ 18 ਨਵੇਂ ਭਰਤੀ ਕੀਤੇ ਫ਼ੂਡ ਸੇਫ਼ਟੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਕੀਤੇ।

ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰੇਟ ਨੂੰ ਲੋਕਾਂ ਲਈ ਸੁਰੱਖਿਅਤ ਭੋਜਨ ਦੀ ਵੰਡ ਸਬੰਧੀ ਫ਼ੂਡ ਬਿਜ਼ਨਸ ਆਪਰੇਟਰਾਂ (ਐਫ.ਬੀ.ਓਜ਼) ਨੂੰ ਜਾਗਰੂਕ ਕਰਨ ਅਤੇ ਅਸੁਰੱਖਿਅਤ ਅਤੇ ਗੈਰ ਮਿਆਰੀ ਭੋਜਨਾਂ ਪਦਾਰਥਾਂ ਦੀ ਸਪਲਾਈ ਵਿੱਚ ਸ਼ਾਮਲ ਐਫ.ਬੀ.ਓਜ਼ ਵਿਰੁਧ ਕਾਨੂੰਨੀ ਕਾਰਵਾਈ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਸਿਹਤ ਵਿਭਾਗ ਦਾ ਫ਼ੂਡ ਸੇਫ਼ਟੀ ਵਿੰਗ ਰੋਜ਼ਾਨਾ ਆਧਾਰ ’ਤੇ ਛਾਪੇਮਾਰੀ ਅਤੇ ਜਾਂਚ ਕਾਰਵਾਈਆਂ ਕਰ ਰਿਹਾ ਹੈ

ਜਿਸ ਤਹਿਤ ਪਿਛਲੇ ਸਾਲ ਤਕਰੀਬਨ 9 ਹਜ਼ਾਰ ਜਾਂਚ ਕਾਰਵਾਈਆਂ ਕੀਤੀਆਂ ਗਈਆਂ ਅਤੇ ਡਿਫਾਲਟਰਾਂ ਵਿਰੁਧ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਦੀ ਅਦਾਲਤ ਵਿਚ ਮੁਕੱਦਮੇ ਚਲਾਏ ਗਏ। ਸ. ਸਿੱਧੂ ਨੇ ਦਸਿਆ ਕਿ ਅਦਾਲਤ ਵਲੋਂ ਪਿਛਲੇ ਇਕ ਸਾਲ ਵਿਚ 13 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਇਸ ਦੇ ਨਾਲ ਹੀ ਬੇਨਿਯਮੀਆਂ ਵਿਚ ਸ਼ਾਮਲ 2162 ਫ਼ੂਡ ਬਿਜ਼ਨਸ ਆਪਰੇਟਰਾਂ ਨੂੰ 3.30 ਕਰੋੜ ਰੁਪਏ ਦੇ ਜ਼ੁਰਮਾਨੇ ਕੀਤੇ ਗਏ ਹਨ। ਸ. ਸਿੱਧੂ ਨੇ ਕਿਹਾ ਕਿ ਵਿਭਾਗ ਸਿਰਫ 29 ਫ਼ੂਡ ਸੇਫ਼ਟੀ ਅਫ਼ਸਰਾਂ ਨਾਲ ਕੰਮ ਕਰ ਰਿਹਾ ਸੀ ਅਤੇ ਭੋਜਨ ਦੀ ਸਪਲਾਈ ਕਰਨ ਵਾਲਿਆਂ ’ਤੇ ਬਿਹਤਰ ਨਿਗਰਾਨੀ ਲਈ  ਵਿਭਾਗ ਵਿਚ ਨਵੇਂ ਅਧਿਕਾਰੀ ਭਰਤੀ ਕਰਨ ਦੀ ਲੋੜ ਮਹਿਸੂਸ ਕੀਤੀ ਗਈ। ਇਸ ਲਈ ਵਿਭਾਗ ਵਲੋਂ 24 ਹੋਰ ਫ਼ੂਡ ਸੇਫ਼ਟੀ ਅਫ਼ਸਰ ਭਰਤੀ ਕੀਤੇ ਗਏ ਹਨ। ਮੰਤਰੀ ਨੇ ਅੱਗੇ ਕਿਹਾ ਕਿ ਸਟਾਫ਼ ਕਮੀ ਨੂੰ ਪੂਰਾ ਕਰਨ ਲਈ ਅੱਜ 18 ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿਤੇ ਗਏ ਹਨ

ਅਤੇ ਉਨ੍ਹਾਂ ਨੂੰ ਤਨਦੇਹੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੁਰੱÎਖਿਅਤ ਅਤੇ ਮਿਆਰੀ ਭੋਜਨ ਪਦਾਰਥ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾ ਸਕੇ। ਫ਼ੂਡ ਐਂਡ ਡਰੱਗਸ ਐਡਮਨਿਸਟ੍ਰੇਸ਼ਨ ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਸੂਬੇ ਵਿਚ ਨਵੇਂ ਫ਼ੂਡ ਸੇਫ਼ਟੀ ਅਫ਼ਸਰਾਂ ਦੀ ਭਰਤੀ ਨਾਲ ਭੋਜਨ ਕਾਰੋਬਾਰ ਦੇ ਖੇਤਰ ਵਿੱਚ ਗਲਤ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਵਿਰੁਧ ਕਾਰਵਾਈ ਕਰਨ ਸਬੰਧੀ ਕਮਿਸ਼ਨਰੇਟ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਲ ਮਿਲੇਗਾ।