ਕੌਮ ਦੀ ਹੋਂਦ ਬਚਾਉਣ ਲਈ ਸਿੱਖ ਮੀਡੀਆ ਨੂੰ ਮਜ਼ਬੂਤ ਬਣਾਇਆ ਜਾਵੇ:  ਪ੍ਰਿੰ: ਸੁਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉਣ ਵਾਲੇ ਮਹੀਨਿਆਂ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮੇਤ ਪੰਜ

Principle Surinder Singh

ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਭਗਵੰਤ ਸਿੰਘ ਮਟੌਰ): ਆਉਣ ਵਾਲੇ ਮਹੀਨਿਆਂ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮੇਤ ਪੰਜ ਸ਼ਤਾਬਦੀਆਂ ਮਨਾਉਣ ਦੀ ਤਿਆਰੀ ਖ਼ਾਲਸਾ ਪੰਥ ਵਲੋਂ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਸਿੱਖ ਕੌਮ ਦੇ ਆਗੂ ਅਤੇ ਸੰਗਤਾਂ ਰਵਾਇਤੀ ਤੌਰ ’ਤੇ ਗੁਰੂ ਸਹਿਬਾਨ ਅਤੇ ਸ਼ਤਾਬਦੀਆਂ ਨਾਲ ਸਬੰਧਤ ਮਹਾਂਪੁਰਸ਼ਾਂ ਦੇ ਇਤਿਹਾਸਕ ਯਾਦਗਾਰਾਂ ਨੂੰ ਤਬਦੀਲ ਕਰ ਕੇ ਉਨ੍ਹਾਂ ਦੀ ਥਾਂ ਨਵੀਆਂ ਤੇ ਵੱਡੀਆਂ-ਵੱਡੀਆਂ ਵਿਸ਼ਾਲ ਇਮਾਰਤਾਂ, ਉਨ੍ਹਾਂ ਉਤੇ ਸੋਨੇ ਦੇ ਗੁੰਬਦ, ਸੋਨੇ ਚਾਂਦੀ ਦੇ ਦਰਵਾਜ਼ੇ, ਸੋਨੇ ਦੀਆਂ ਪਾਲਕੀਆਂ ਅਤੇ ਸੋਨੇ ਦੇ ਚੌਰ ਆਦਕ ਤਿਆਰ ਕਰਨ ਦੀਆਂ ਸਕੀਮਾਂ ਸੋਚਦੇ ਹੋਣਗੇ।

ਪਰ ਸੋਨਾ ਚਾਂਦੀ ਦਾ ਪਿਆਰ ਅਬਦਾਲੀ ਵਰਗੀਆਂ ਬਦਰੂਹਾਂ ਨੂੰ ਸੱਦਾ ਦਿੰਦਾ ਹੈ ਜਾਂ ਅਪਣੇ ਵਿਚੋਂ ਹੀ ਅਜਿਹੀਆਂ ਬਦਰੂਹਾਂ ਪੈਦਾ ਕਰ ਦਿੰਦਾ ਹੈ। ਕੌਮ ਨੂੰ ਅਜਿਹੇ ਖ਼ਰਚਿਆਂ ਦੇ ਪ੍ਰੋਗਰਾਮਾਂ ਦੀ ਥਾਂ ਕੌਮ ਦੀ ਚੜ੍ਹਦੀ ਕਲਾ ਵਾਲੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ ਕਮੇਟੀ ਅਨੰਦਪੁਰ ਸਾਹਿਬ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸ਼ਤਾਬਦੀਆਂ ਮਨਾਉਣ ਤੋਂ ਪਹਿਲਾਂ ਕੌਮੀ ਪੱਧਰ ਉਤੇ ਸਿੱਖ ਸਮੱਸਿਆਵਾਂ ਦੀ ਸ਼ਨਾਖ਼ਤ ਕਰਨੀ ਜ਼ਰੂਰੀ ਹੈ।

ਇਸ ਲਈ ਕੌਮ ਨੂੰ ਦਰਪੇਸ਼ ਸਮੱਸਿਆਵਾਂ ਵਿਚ ਸਿੱਖ ਨੌਜਵਾਨਾਂ ਦੀ ਬੇਰੁਜ਼ਗਾਰੀ, ਪਤਿਤਪੁਣਾ, ਧਰਮ ਤੋਂ ਬੇਮੁੱਖਤਾ, ਨਸ਼ਿਆਂ ਨਾਲ ਬਰਬਾਦੀ, ਸਿੱਖ ਕਿਸਾਨਾਂ ਦਾ ਉਜਾੜਾ, ਆਤਮ ਹੱਤਿਆਵਾਂ, ਸਿੱਖ ਸਭਿਆਚਾਰ ਦੀ ਤਬਾਹੀ, ਸਿੱਖ ਕਿਰਦਾਰ ਦਾ ਦੀਵਾਲਾ, ਸਿੱਖੀ ਜੀਵਨ ਜੁਗਤ, ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਪੱਖੋਂ ਹੋ ਰਹੀ ਅਣਗਹਿਲੀ, ਪੰਜਾਬੀਆਂ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਆਦਿ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਦੀ ਸ਼ਨਾਖ਼ਤ ਕਰ ਕੇ ਸਮੁੱਚੇ ਖ਼ਾਲਸਾ ਪੰਥ ਨੂੰ ਆਪਸੀ ਮਤਭੇਦ ਭੁਲਾ ਕੇ ਸਿਰ ਜੋੜ ਕੇ ਇਨ੍ਹਾਂ ਦੇ ਹੱਲ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

ਪ੍ਰਿੰ: ਸਾਹਿਬ ਨੇ ਅੰਤ ਵਿਚ ਕਿਹਾ ਕਿ ਇਸ ਸਮੇਂ ਸਿੱਖ ਪੰਥ ਅਪਣੇ ਧਰਮ ਦੇ ਸਰਬ ਕਲਿਆਣਕਾਰੀ ਸਿਧਾਂਤਾਂ, ਫ਼ਲਸਫੇ ਤੇ ਅਪਣੇ ਸ਼ਾਨਾਮੱਤੇ ਇਤਿਹਾਸ ਨੂੰ ਪ੍ਰਚਾਰਨ ਤੇ ਪ੍ਰਸਾਰਣ ਵਿਚ ਸੱਭ ਤੋਂ ਪਿਛੇ ਰਹਿ ਗਿਆ ਹੈ। ਮੁਤੱਸਬੀ ਮੀਡੀਆ ਸਿੱਖਾਂ ਦੀ ਹਰ ਚੰਗੀ ਗੱਲ ਨੂੰ ਨਜ਼ਰ ਅੰਦਾਜ਼ ਕਰ ਕੇ ਨਾਕਾਰਾਤਮਕ ਪੱਖ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕਰ ਕੇ ਸਿੱਖ ਧਰਮ ਦੀ ਹੋਂਦ ਅਤੇ ਹਸਤੀ ਨੂੰ ਹਰ ਪੱਧਰ ’ਤੇ ਨੁਕਸਾਨ ਪਹੁੰਚਾ ਰਿਹਾ ਹੈ। ਅਜਿਹੇ ਲੋਕਾਂ ਦਾ ਮੂੰਹ ਤੋੜ ਉੱਤਰ ਦੇਣ ਲਈ ਸਿੱਖ ਪੰਥ ਨੂੰ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਵਿਚ ਅਪਣੀ ਪਕੜ ਮਜ਼ਬੂਤ ਕਰਨੀ ਚਾਹੀਦੀ ਹੈ।

ਰੋਜ਼ਾਨਾ ਸਪੋਕਸਮੈਨ ਅਖ਼ਬਾਰ ਅਤੇ “ਉੱਚਾ ਦਰ ਬਾਬਾ ਨਾਨਕ ਦਾ’’ ਪਹਿਲਾਂ ਹੀ ਇਸ ਪਾਸੇ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਿਹਾ ਹੈ। ਜਿਸ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਬਹੁਤ ਲੋੜ ਹੈ। ਇਸ ਤੋਂ ਇਲਾਵਾ ਇਨ੍ਹਾਂ ਸ਼ਤਾਬਦੀਆਂ ਮੌਕੇ ਕੌਮੀ ਪੱਧਰ ’ਤੇ ਸਿੱਖ ਬੁੱਧੀਜੀਵੀਆਂ ਦੀ ਸਲਾਹ ਨਾਲ ਕੋਈ ਅਪਣਾ ਸ਼ਕਤੀਸ਼ਾਲੀ ਟੀ.ਵੀ.  ਚੈਨਲ ਸਥਾਪਤ ਕਰਨਾ ਚਾਹੀਦਾ ਹੈ। ਜਿਸ ਰਾਹੀਂ ਵੱਖ-ਵੱਖ ਭਾਸ਼ਾਵਾਂ ਵਿਚ ਸੰਸਾਰ ਪੱਧਰ ’ਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਸੰਸਾਰ ਦੇ ਕੋਨੇ-ਕੋਨੇ ਵਿਚ ਪਹੁੰਚਾਇਆ ਜਾ ਸਕੇ। ਜੇ ਅਜਿਹਾ ਯਤਨ ਸਫ਼ਲ ਹੋ ਜਾਵੇ ਤਾਂ ਸ਼ਤਾਬਦੀਆਂ ’ਤੇ ਖ਼ਰਚੇ ਗਏ ਕਰੋੜਾਂ ਰੁਪਏ ਸਾਰਥਕ ਵੀ ਹੋਣਗੇ ਅਤੇ ਕੌਮ ਦੀ ਚੜ੍ਹਦੀਕਲਾ ਵੀ ਹੋ ਸਕਦੀ ਹੈ।