ਕਿਸਾਨ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ, ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ
ਕਿਸਾਨ ਦੇ ਅੰਤਿਮ ਸੰਸਕਾਰ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵਿਸ਼ੇਸ਼ ਤੌਰ ’ਤੇ ਪੁੱਜੇ
File Photo
ਗੁਰਦਾਸਪੁਰ - ਗੁਰਦਾਸਪੁਰ ਜ਼ਿਲ੍ਹੇ ’ਚ ਪਿੰਡ ਬਾਊਪੁਰ ਵਿਖੇ ਦਿੱਲੀ 'ਚ ਲੱਗੇ ਕਿਸਾਨੀ ਮੋਰਚੇ ਤੋਂ ਵਾਪਸ ਆਏ ਇਕ ਹੋਰ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੇ ਅੰਤਿਮ ਸੰਸਕਾਰ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਵਲੋਂ ਜਿਥੇ ਪੀੜਤ ਦੇ ਪਰਿਵਾਰ ਨੂੰ ਹੌਂਸਲਾ ਦਿੱਤਾ ਗਿਆ, ਉਥੇ ਮੋਦੀ ਸਰਕਾਰ ਦੀ ਨਿੰਦਾ ਵੀ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕਿਸਾਨ ਬਖਸ਼ੀਸ਼ ਸਿੰਘ ਕਰੀਬ 25 ਦਿਨ ਪਹਿਲਾਂ ਦਿੱਲੀ ਵਿਖੇ ਚਲ ਰਹੇ ਮੋਰਚੇ ਤੋਂ ਵਾਪਸ ਆਇਆ ਸੀ। ਘਰ ਵਾਪਸ ਆਉਂਦੇ ਹੀ ਉਸ ਦੀ ਸਿਹਤ ਖ਼ਰਾਬ ਹੋ ਗਈ, ਜਿਸ ਕਾਰਨ ਇਲਾਜ ਲਈ ਉਸ ਨੂੰ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਕਿਸਾਨ ਆਗੂ ਦੇ ਪਰਿਵਾਰ ਨੂੰ ਬਣਦੀ ਰਾਸ਼ੀ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ।