ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨੇ ਇਕ ਦਰਜ਼ੀ ਨੂੰ ਕਿਵੇਂ ਬਣਾਇਆ ਸ਼ਾਹ ਕਲਾਕਾਰ
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਮੈਂ ਦੁਨੀਆਂ ’ਚ ਅਪਣੀ ਵੱਖਰੀ ਪਹਿਚਾਣ ਬਣਾਈ : ਅਰੁਣ ਬਜਾਜ
ਪਟਿਆਲਾ (ਅਵਤਾਰ ਗਿੱਲ) : ਜਦੋਂ ਕਿਸੇ ਇਨਸਾਨ ’ਤੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਤਾਂ ਉਹ ਕਿਸ ਤਰ੍ਹਾਂ ਪੱਥਰ ਤੋਂ ਹੀਰਾ ਹੋ ਜਾਂਦਾ ਹੈ। ਇਸ ਦੀ ਮਿਸਾਲ ਪਟਿਆਲਾ ਵਸਨੀਕ ਅਰੁਣ ਬਜਾਜ ਜਿਸ ਨੂੰ ਪੂਰੇ ਵਿਸ਼ਵ ਵਿਚ ‘ਨੀਡਲ ਮੈਨ’ ਨਾਮ ਨਾਲ ਜਾਣਿਆ ਜਾਂਦਾ ਹੈ। ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਕੈਨਵਸ ’ਤੇ ਪੇਟਿੰਗ ਕਰਦੇ ਵੇਖਿਆ ਹੋਵੇਗਾ ਪਰ ਅਸੀ ਤੁਹਾਨੂੰ ਮਿਲਾਉਂਦੇ ਹਾਂ ਅਜਿਹੇ ਕਲਾਕਾਰ ਨਾਲ ਜੋ ਕਪੜੇ ਸਿਲਾਈ ਕਰਨ ਵਾਲੀ ਮਸ਼ੀਨ ਨਾਲ ਤਸਵੀਰਾਂ ਬਣਾ ਕੇ ਉਨ੍ਹਾਂ ਵਿਚ ਅਜਿਹੀ ਜਾਨ ਪਾਉਂਦਾ ਹੈ ਕਿ ਲਗਦਾ ਹੈ ਕਿ ਉਹ ਤਸਵੀਰਾਂ ਹੁਣੇ ਬੋਲ ਉਠਣਗੀਆਂ।
1983 ਵਿਚ ਜਨਮੇ ਅਰੁਣ ਬਜਾਜ ਨੂੰ ਸੁਪਨੇ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿਤੇ ਅਤੇ ਉਨ੍ਹਾਂ ਦੀ ਇਕ ਤਸਵੀਰ ਬਣਾਉਂਦਿਆਂ ਵਿਖਾਇਆ। ਸਵੇਰ ਉੱਠ ਕੇ ਅਰੁਣ ਕਾਫੀ ਪ੍ਰੇਸ਼ਾਨ ਸੀ ਪਰ ਉਹ ਸੋਚ ਰਿਹਾ ਸੀ ਕਿ ਗੁਰੂ ਮਹਾਰਾਜ ਨੇ ਦਰਸ਼ਨ ਦਿਤੇ ਹਨ ਤੇ ਸੁਨੇਹਾ ਵੀ ਦਿਤਾ ਹੈ ਪਰ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਤਸਵੀਰ ਕਿਸ ਤਰ੍ਹਾਂ ਬਣਾ ਸਕਦਾ ਹੈ, ਕਿਉਂਕਿ ਉਹ ਤਾਂ (ਐਂਬਰੋਇਡਰੀ) ਕਢਾਈ ਦਰਜੀ ਦਾ ਕੰਮ ਕਰਦਾ ਹੈ।
ਉਸ ਤੋਂ ਬਾਅਦ ਜਦੋਂ ਅਜੇ ਅਰੁਣ ਦੇ ਪਿਤਾ ਨੂੰ ਗੁਜ਼ਰੇ ਕੁੱਝ ਹੀ ਸਮਾਂ ਬੀਤਿਆ ਸੀ ਉਹ ਅਪਣੀ ਪੁਸ਼ਤੈਨੀ ਦੁਕਾਨ ’ਤੇ ਪੁੱਜਾ ਅਤੇ ਬਿਨਾਂ ਸੋਚੇ ਸਿਲਾਈ ਮਸ਼ੀਨ ’ਤੇ ਕੱਪੜਾ ਚੜ੍ਹਾ ਕੇ ਤਸਵੀਰ ਬਣਾਉਣੀ ਸ਼ੁਰੂ ਕਰ ਦਿਤੀ। ਜਦੋਂ ਤਕਰੀਬਨ 14 ਤੋਂ 16 ਘੰਟੇ ਮਗਰੋਂ ਮਿਹਨਤ ਕਰ ਕੇ ਤਸਵੀਰ ਬਣੀ ਤਾਂ ਉਹ ਖੁਦ ਵੀ ਤਸਵੀਰ ਵੇਖ ਕੇ ਹੈਰਾਨ ਹੋ ਗਿਆ ਤੇ ਸੋਚਾਂ ਵਿਚ ਪੈ ਗਿਆ। ਜਦੋਂ ਲੋਕਾਂ ਨੇ ਇਹ ਤਸਵੀਰ ਵੇਖੀ ਤਾਂ ਹਰ ਕੋਈ ਅਪਣੇ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜ਼ਬੂਰ ਹੋ ਗਿਆ।
ਇਸ ਤੋਂ ਬਾਅਦ ਅਰੁਣ ਬਜਾਜ ਨੇ ਕਦੇ ਪਿਛੇ ਮੁੜ ਕੇ ਨਹੀਂ ਵੇਖਿਆ ਤੇ ਹਜ਼ਾਰਾਂ ਤਸਵੀਰਾਂ ਮਸ਼ਹੂਰ ਹਸਤੀਆਂ, ਗੁਰੂਆਂ ਅਤੇ ਸਮਾਜਕ ਮੁੱਦੇ ਚੁਕਦੀਆਂ ਅਨੇਕਾਂ ਤਸਵੀਰਾਂ ਵਿਚ ਰੂਹ ਫੂਕ ਦਿਤੀ, ਜਿਸ ਦੇ ਚਲਦਿਆਂ ਉਸ ਨੂੰ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿਚ ਜਗ੍ਹਾ ਮਿਲੀ। ਇਹ ਜਗ੍ਹਾ ਉਸ ਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਤਸਵੀਰ ਬਣਾਉਣ ਲਈ ਪਹਿਲੀ ਵਾਰ ਮਿਲਿਆ, ਜਿਸ ਵਿਚ 9 ਲੱਖ ਮੀਟਰ ਵੱਖ ਵੱਖ ਰੰਗ ਦਾ ਧਾਗਾ ਇਸਤੇਮਾਲ ਹੋਇਆ। ਦੂਜਾ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਬਣਾਉਣ ’ਤੇ ਰਿਕਾਰਡ ਮਿਲਿਆ, ਜਿਸ ਵਿਚ ਤਕਰੀਬਨ 3 ਲੱਖ ਮੀਟਰ ਵੱਖੋ ਵੱਖਰੇ ਰੰਗਾਂ ਦਾ ਧਾਗਾ ਲੱਗਾ।
ਹੁਣ ਉਸ ਦੀਆਂ ਤਸਵੀਰਾਂ ਗਿੰਨੀਅਜ਼ ਬੁੱਕ ਆਫ਼ ਵਰਲਡ ਰਿਕਾਰਡ ਲਈ ਜਾ ਚੁਕੀਆਂ ਹਨ ਅਤੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੀਤੀ ਇਸੇ ਕਲਾ ਦੇ ਚਲਦਿਆਂ ਅਰੁਣ ਬਜਾਜ ਨੂੰ ਭਾਰਤ ਦਾ ਸੱਭ ਤੋਂ ਵੱਡਾ ਸਨਮਾਨ ਰਾਸ਼ਟਰਪਤੀ ਐਵਾਰਡ ਵੀ ਦਿਤਾ ਗਿਆ। ਅੱਜ ਜਦੋਂ ਅਸੀ ਅਰੁਣ ਬਜਾਜ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਭਰੇ ਮੰਨ ਨਾਲ ਕਿਹਾ ਕਿ ਉਸ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਨਾਲ ਭਾਰਤ ਦਾ ਨਾਮ ਵੀ ਉੱਚਾ ਕੀਤਾ ਅਤੇ ਖਾਸ ਤੌਰ ’ਤੇ ਉਸ ਦੇ ਨਾਲ ਦੀ ਤਸਵੀਰ ਬਨਾਉਣ ਵਾਲੇ ਲਈ ਅੱਜ ਤੋਂ ਤਕਰੀਬਨ 7 ਸਾਲ ਪਹਿਲਾਂ 1 ਲੱਖ ਰੁਪਏ ਦਾ ਇਨਾਮ ਵੀ ਰਖਿਆ ਪਰ ਅੱਜ ਤੱਕ ਕੋਈ ਅਜਿਹਾ ਸਖ਼ਸ਼ ਪੂਰੀ ਦੁਨੀਆਂ ਵਿਚ ਸਾਹਮਣੇ ਨਹੀਂ ਆਇਆ ਜੋ ਬਜਾਜ ਦੀ ਕਲਾ ’ਚ ਕਾਟ ਕਰ ਸਕੇ।
ਬਜਾਜ ਮੁਤਾਬਕ ਪੰਜਾਬ ਸਰਕਾਰ ਨੇ ਕਦੇ ਉਸ ਦਾ ਮਾਣ ਸਨਮਾਨ ਨਹੀਂ ਅਤੇ ਹੁਣ ਉਹ ਖੁਦ ਪੱਲਿਓਂ ਪੈਸਾ ਲਗਾ ਕੇ ਕਰਜ਼ਾਈ ਹੋ ਚੁਕਾ ਹੈ। ਉਸ ਉਪਰ ਤਕਰੀਬਨ 15 ਤੋਂ 17 ਲੱਖ ਰੁਪਏ ਕਰਜ਼ਾ ਹੈ। ਉਸ ਨੇ ਕਿਹਾ ਕਿ ਮੇਰੇ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਨਾ ਹੀ ਕੋਈ ਹੋਰ ਬਿਜਨੈਸ ਨਹੀਂ। ਮੈਂ ਹੁਣ ਹਤਾਸ਼ ਹੋ ਚੁੱਕਾ ਹਾਂ। ਉਸ ਨੇ ਕਿਹਾ ਕਿ ਮੈਨੂੰ ਰਾਸ਼ਟਰਪਤੀ ਐਵਾਰਡ ਜ਼ਰੂਰ ਮਿਲਿਆ ਹੈ ਤੇ ਮੈਂ ਉਸ ਦੀ ਇੱਜ਼ਤ ਕਰਦਾ ਹਾਂ ਪਰ ਮੇਰਾ ਗੁਜ਼ਾਰਾ ਔਖਾ ਹੈ, ਜਿਸ ਕਾਰਨ ਅਗਲੇ ਸਮੇਂ ਵਿਚ ਮੈਂ ਕੈਨੇਡਾ ਜਾਂ ਆਸਟ੍ਰੇਲੀਆ ਜਾ ਕੇ ਵਸਣਾ ਚਾਹੁੰਦਾ ਹਾਂ, ਕਿਉਂਕਿ ਉਥੇ ਵੀ ਮੇਰੀ ਕਲਾ ਦੇ ਕਦਰਦਾਨ ਹਨ ਜੋ ਵਾਰ ਵਾਰ ਮੈਨੂੰ ਉਥੋਂ ਦੀ ਸਰਕਾਰ ਵਲੋਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਹਾਮੀ ਭਰਦੇ ਹਨ।