ਨਵੇਂ ਬਣੇ ਪੰਜ ਮੰਤਰੀਆਂ 'ਤੇ ਮੁੱਖ ਮੰਤਰੀ ਮਾਨ ਨੇ ਜਤਾਇਆ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਇਸ ਵਿਸਥਾਰ ਨਾਲ ਭਗਵੰਤ ਮਾਨ ਸਰਕਾਰ ਵਿਚ ਕੁੱਲ 15 ਮੰਤਰੀ ਹੋ ਗਏ ਹਨ

Bhagwant Mann

 

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ) - ਪੰਜਾਬ ਸਰਕਾਰ ਦੇ ਮੰਤਰੀ ਮੰਡਲ 'ਚ ਸੋਮਵਾਰ ਨੂੰ ਵਿਸਤਾਰ ਹੋਇਆ, ਜਿਸ ਦੇ ਚੱਲਦੇ 5 ਹੋਰ ਨਵੇਂ ਬਣੇ ਮੰਤਰੀਆਂ ਨੇ ਸਹੁੰ ਚੁੱਕੀ। ਇਸ ਨਵੀਂ ਸੂਚੀ 'ਚ ਅਮਨ ਅਰੋੜਾ,ਚੇਤਨ ਸਿੰਘ ਜੌੜਾ ਮਾਜਰਾ, ਇੰਦਰਬੀਰ ਸਿੰਘ ਨਿੱਝਰ, ਫੌਜਾ ਸਿੰਘ ਸਰਾਰੀ ਅਤੇ ਅਨਮੋਲ ਗਗਨ ਮਾਨ ਸ਼ਾਮਿਲ ਹਨ। ਮੁੱਖ ਮੰਤਰੀ ਪੰਜਾਬ ਨੇ ਆਪਣੇ ਨਵੇਂ ਜਰਨੈਲਾਂ ਨੂੰ ਜਿੱਥੇ ਮੰਤਰੀ ਬਣਨ 'ਤੇ ਵਧਾਈ ਦਿੱਤੀ ਉੱਥੇ ਹੀ ਪੰਜਾਬ ਦੇ ਭਲੇ ਲਈ ਹੋਰ ਕੰਮ ਕਰਨ ਦੀ ਗੱਲ ਆਖੀ। 

ਭਗਵੰਤ ਮਾਨ ਨੇ ਇਸ 'ਤੇ ਬੋਲਦਿਆਂ ਕਿਹਾ ਕਿ "ਪੰਜਾਬ ਦੀ ਕੈਬਿਨਟ ਵਿਚ ਵਿਸਥਾਰ ਹੋਇਆ ਹੈ। ਗਵਰਨਰ ਨੇ ਸਹੁੰ ਚੁਕਾਈ ਹੈ। ਪੰਜਾਬ ਦੇ ਲੋਕਾਂ ਨੇ ਜੋ ਸਾਡੇ ਤੋਂ ਉਮੀਦ ਜਤਾਈ ਉਸ 'ਤੇ ਅਸੀਂ ਸਾਰੇ ਖਰਾ ਉਤਰਾਂਗੇ। ਸਾਰੇ ਮੰਤਰੀ ਚੰਗਾ ਕੰਮ ਕਰਨਗੇ। ਮੇਰੇ 'ਤੇ ਕੰਮ ਦਾ ਕਾਫੀ ਬੋਝ ਸੀ। 75 ਸਾਲਾਂ ਵਿਚ ਸਰਕਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ। ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।"

ਪੰਜਾਬ ਸਰਕਾਰ ਦੇ ਇਸ ਵਿਸਥਾਰ ਨਾਲ ਭਗਵੰਤ ਮਾਨ ਸਰਕਾਰ ਵਿਚ ਕੁੱਲ 15 ਮੰਤਰੀ ਹੋ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਮੰਤਰੀ ਮੰਡਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਨੌਂ ਮੰਤਰੀ ਸੀ। ਜਿਨ੍ਹਾਂ ਵਿੱਚੋਂ ਇੱਕ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਬਰਖਾਸਤ ਕਰ ਦਿੱਤਾ ਗਿਆ ਸੀ।