ਤਲਵੰਡੀ ਸਾਬੋ ਥਰਮਲ ਦੇ ਤਿੰਨੋਂ ਯੂਨਿਟ ਬੰਦ, ਥਰਮਲ ਪਲਾਂਟਾ ਵਿਚ ਖ਼ਰਾਬੀ ਦੇ ਮਾਮਲੇ ਵੀ ਵਧਣ ਲੱਗੇ!
ਪੰਜਾਬ ਦੀ ਨੈਸ਼ਨਲ ਗਰਿੱਡ ਤੋਂ ਬਿਜਲੀ ਲੈਣ ਦੀ ਸਮਰੱਥਾ 9600 ਮੈਗਾਵਾਟ ਤੱਕ ਦੀ ਹੈ ਤੇ ਇਸ ਤੋਂ ਵੱਧ ਬਿਜਲੀ ਲੈਣ ਨਾਲ ਗਰਿੱਡ 'ਤੇ ਭਾਰ ਪੈ ਸਕਦਾ ਹੈ।
ਚੰਡੀਗੜ੍ਹ - ਤਲਵੰਡੀ ਸਾਬੋ ਥਰਮਲ ਦੇ ਤਿੰਨੇ ਯੂਨਿਟ ਬੰਦ ਹੋਣ ਕਾਰਨ ਪੰਜਾਬ ਵਿਚ ਬਿਜਲੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ ਕਿਉਂਕਿ ਇਕੱਲੇ ਤਲਵੰਡੀ ਸਾਬੋ ਥਰਮਲ ਤੋਂ ਹੀ ਬਿਜਲੀ ਨਿਗਮ ਨੂੰ 1980 ਮੈਗਾਵਾਟ ਬਿਜਲੀ ਪ੍ਰਾਪਤ ਹੁੰਦੀ ਸੀ। ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵਿਚੋਂ ਇਕ ਯੂਨਿਟ ਪਹਿਲਾਂ ਹੀ ਬੰਦ ਹੋ ਗਿਆ ਸੀ ਜਿੱਥੋਂ 270 ਮੈਗਾਵਾਟ ਬਿਜਲੀ ਮਿਲਦੀ ਸੀ।
ਪਿੰਡਾਂ ਵਿਚ ਬਿਜਲੀ ਨਿਗਮ ਵਲੋਂ ਬਿਨਾਂ ਦੱਸੇ ਕੱਟ ਲਗਣੇ ਸ਼ੁਰੂ ਹੋ ਗਏ ਹਨ ਤੇ ਕਿਸਾਨ ਸਰਕਾਰ ਦਾ ਵਿਰੋਧ ਕਰਨ ਨੂੰ ਤਿਆਰ ਬੈਠੇ ਹਨ। ਇਸੇ ਤਰ੍ਹਾਂ ਪੰਜਾਬ ਬਿਜਲੀ ਨਿਗਮ ਹੁਣ ਕੇਂਦਰੀ ਸਪਲਾਈ 'ਤੇ ਨਿਰਭਰ ਹੋ ਚੁੱਕਾ ਹੈ ਤੇ 9850 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਲੈ ਰਿਹਾ ਹੈ। ਪੰਜਾਬ ਦੀ ਨੈਸ਼ਨਲ ਗਰਿੱਡ ਤੋਂ ਬਿਜਲੀ ਲੈਣ ਦੀ ਸਮਰੱਥਾ 9600 ਮੈਗਾਵਾਟ ਤੱਕ ਦੀ ਹੈ ਤੇ ਇਸ ਤੋਂ ਵੱਧ ਬਿਜਲੀ ਲੈਣ ਨਾਲ ਗਰਿੱਡ 'ਤੇ ਭਾਰ ਪੈ ਸਕਦਾ ਹੈ।
ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਨਾਲ ਪਾਵਰਕਾਮ ਕੋਲ 1500 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਦੀ ਕਮੀ ਹੋ ਗਈ, ਜਿਸ ਕਰਕੇ ਕਈ ਹਿੱਸਿਆਂ ਵਿਚ ਪਾਵਰਕਾਮ ਪੂਰੀ ਬਿਜਲੀ ਸਪਲਾਈ ਕਰਨ ਵਿਚ ਅਸਮਰਥ ਹੈ। ਕਈ ਥਰਮਲ ਪਲਾਂਟਾਂ ਦੇ ਯੂਨਿਟਾਂ ਵਿਚ ਖ਼ਰਾਬੀ ਪੈਦਾ ਹੋਣ ਨਾਲ ਆਉਣ ਵਾਲੇ ਸਮੇਂ ਵਿਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।