ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੀਚੇਵਾਲ ਮਾਡਲ ਅਪਣਾਇਆ ਜਾਵੇਗਾ : ਨਾਗਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡਾਂ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੀਚੇਵਾਲ ਮਾਡਲ ਨੂੰ ਅਪਣਾਉਣ ਦਾ ਉਪਰਾਲਾ.............

Kuljeet Singh Nagra While reviewing the Seechewal pilot project

ਫਤਿਹਗੜ੍ਹ ਸਾਹਿਬ  : ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡਾਂ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੀਚੇਵਾਲ ਮਾਡਲ ਨੂੰ ਅਪਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਕੜੀ ਅਧੀਨ ਜ਼ਿਲੇ ਦੇ ਪਿੰਡ ਬਧੌਛੀ ਕਲਾਂ ਵਿਖੇ ਸੀਚੇਵਾਲ ਮਾਡਲ ਨੂੰ ਅਪਣਾ ਕੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮਗਨਰੇਗਾ ਦੀ ਸਹਾਇਤਾ ਨਾਲ ਇਸ ਪ੍ਰੋਜੈਕਟ ਅਧੀਨ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਸੀਚੇਵਾਲ ਮਾਡਲ

ਨੂੰ ਜ਼ਿਲੇ ਦੇ ਹੋਰ ਪਿੰਡਾਂ ਵਿਚ ਵੀ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜਿਥੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਹੋਵੇਗਾ Àੁੱਥੇ ਹੀ ਗੰਦੇ ਪਾਣੀ ਨੂੰ ਸਾਫ ਕਰਕੇ ਪਿੰਡ ਦੇ ਛੱਪੜ ਵਿਚ ਇਕੱਤਰ ਕੀਤਾ ਜਾਵੇਗਾ ਅਤੇ ਇਸ ਸਾਫ ਹੋਏ ਪਾਣੀ ਨੂੰ ਫਸਲਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ। ਪੰਚਾਇਤੀ ਰਾਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਸਵੀਰ ਸਿੰਘ ਨੇ ਦੱਸਿਆ ਕਿ ਸੀਚੇਵਾਲ ਮਾਡਲ ਅਧੀਨ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਤਿੰਨ ਖੂਹਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰੇਕ ਖੂਹ ਦੀ ਡੁੰਘਾਈ 15 ਫੁੱਟ ਹੋਵੇਗੀ।

ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲੇ ਖੂਹ ਵਿਚ ਪਾਣੀ ਉੱਤੇ ਤੈਰਨ ਵਾਲਾ ਤੇਲ ਇਕੱਤਰ ਹੋਵੇਗਾ, ਦੂਜੇ ਖੂਹ ਵਿਚ ਗਾਰ ਇਕੱਠੀ ਹੋਵੇਗੀ ਅਤੇ ਤੀਜੇ ਖੂਹ ਵਿਚ ਸਾਫ ਪਾਣੀ ਇਕੱਤਰ ਹੋਵੇਗਾ, ਜਿਸ ਨੂੰ ਬਾਅਦ ਵਿਚ ਪਿੰਡ ਦੇ ਛੱਪੜ ਵਿਚ ਇਕੱਠਾ ਕੀਤਾ ਜਾਵੇਗਾ ਅਤੇ ਉਸ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਬਧੌਛੀ, ਰਾਜਿੰਦਰ ਸਿੰਘ ਜਖਵਾਲੀ, ਪਰਮਜੀਤ ਸਿੰਘ ਠੇਕੇਦਾਰ, ਨੰਬਰਦਾਰ ਜਗਦੀਪ ਸਿੰਘ, ਕ੍ਰਿਸ਼ਨ ਲਾਲ, ਪਰਵਿੰਦਰ ਸਿੰਘ, ਗੁਰਸੇਵਕ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ, ਰਘਬੀਰ ਸਿੰਘ, ਬਿੱਟਾ ਬਧੌਛੀ, ਜਗਪ੍ਰੀਤ ਸਿੰਘ ਜੱਗੀ, ਜਤਿੰਦਰ ਸਿੰਘ ਬਿੱਲਾ ਹਾਜ਼ਰ ਸਨ।