ਨਕਲੀ ਸ਼ਰਾਬ ਮਾਮਲੇ ਵਿਚ 12 ਹੋਰ ਜਣਿਆਂ ਦੀ ਗ੍ਰਿਫ਼ਤਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛਾਪੇਮਾਰੀ ਜਾਰੀ, ਮੁੱਖ ਮੰਤਰੀ ਵਲੋਂ ਪੁਲਿਸ ਨੂੰ ਜਾਂਚ ਵਿਚ ਤੇਜ਼ੀ ਲਿਆਉਣ ਦੇ ਹੁਕਮ

Captain Amrinder Singh

ਚੰਡੀਗੜ੍ਹ, 3 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਕਲੀ ਸ਼ਰਾਬ ਮਾਮਲੇ ਵਿਚ ਪੜਤਾਲ ਹੋਰ ਤੇਜ਼ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਸੋਮਵਾਰ ਨੂੰ 12 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚ ਦੋ ਵਪਾਰੀ ਵੀ ਸ਼ਾਮਲ ਹਨ। ਪੁਲਿਸ ਨੇ ਲੁਧਿਆਣਾ ਨਿਵਾਸੀ ਪੇਂਟ ਦੇ ਇਕ ਵਪਾਰੀ ਵੀ ਭਾਲ ਵੀ ਸ਼ੁਰੂ ਕਰ ਦਿਤੀ ਹੈ ਜਿਸ ਨੇ ਮੁੱਢਲੇ ਤੌਰ 'ਤੇ ਨਕਲੀ ਸ਼ਰਾਬ ਦੇ ਤਿੰਨ ਡਰੰਮ ਸਪਲਾਈ ਕੀਤੇ ਸਨ ਜਿਨ੍ਹਾਂ ਕਾਰਨ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਹੋਈਆਂ।  ਮੁੱਖ ਮੰਤਰੀ ਨੇ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਪੁਲਿਸ ਨੂੰ ਜੀ-ਜਾਨ ਨਾਲ ਇਸ ਮਾਮਲੇ ਦੀ ਤਹਿ ਤਕ ਪਹੁੰਚਣ ਲਈ ਪੂਰੀ ਤਾਕਤ ਨਾਲ ਪੜਤਾਲ ਵਿਚ ਜੁੱਟ ਜਾਣ ਦੇ ਨਿਰਦੇਸ਼ ਦਿਤੇ ਅਤੇ ਇਸ ਮਾਮਲੇ ਵਿਚ ਸ਼ਾਮਲ ਹਰੇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁਧ ਸਖ਼ਤ ਕਦਮ ਚੁੱਕਣਾ ਯਕੀਨੀ ਬਣਾਉਣ ਦੇ ਹੁਕਮ ਵੀ ਦਿਤੇ ਅਤੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।

ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਮੁਅੱਤਲ ਕੀਤੇ ਦੋ ਡੀ.ਐਸ.ਪੀਜ਼ ਅਤੇ ਚਾਰ ਐਸ.ਐਚ.ਓਜ਼ ਵਿਰੁਧ ਵਿਭਾਗੀ ਪੜਤਾਲ ਸ਼ੁਰੂ ਕਰ ਦਿਤੀ ਹੈ। ਮੁੱਖ ਮੰਤਰੀ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਮੈਜਿਸਟ੍ਰੇਟੀ ਜਾਂਚ ਵਿਚ ਸਾਰੇ ਸ਼ੱਕੀ ਵਿਅਕਤੀਆਂ ਅਤੇ ਛੇ ਪੁਲਿਸ ਤੇ ਸੱਤ ਕਰ ਤੇ ਆਬਕਾਰੀ ਅਫ਼ਸਰਾਂ, ਜਿਨ੍ਹਾਂ ਦੀ ਮੁਅੱਤਲੀ ਦੇ ਹੁਕਮ ਮੁੱਖ ਮੰਤਰੀ ਨੇ ਸਨਿਚਰਵਾਰ ਨੂੰ ਜਾਰੀ ਕੀਤੇ ਸਨ, ਦੀ ਭੂਮਿਕਾ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।ਇਸ ਮਾਮਲੇ ਵਿਚ ਮੌਤਾਂ ਦੀ ਗਿਣਤੀ 108 ਤਕ ਪਹੁੰਚ ਚੁੱਕੀ ਹੈ ਜਿਸ ਵਿਚੋਂ 82 ਮੌਤਾਂ ਤਰਨ ਤਾਰਨ ਅਤੇ ਅੰਮ੍ਰਿਤਸਰ ਤੇ ਬਟਾਲਾ ਵਿਚ 13-13 ਮੌਤਾਂ ਹੋਈਆਂ ਹਨ।

ਮਾਮਲੇ ਵਿਚ ਅੱਠ ਹੋਰ ਪਛਾਣ ਕੀਤੇ ਗਏ ਦੋਸ਼ੀਆਂ ਦੀ ਪੂਰੀ ਸਰਗਰਮੀ ਨਾਲ ਭਾਲ ਸ਼ੁਰੂ: ਦਿਨਕਰ ਗੁਪਤਾ- ਡੀ.ਜੀ.ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਾਜ਼ਾ-ਤਰੀਨ ਗ੍ਰਿਫ਼ਤਾਰੀਆਂ ਨਾਲ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 37 ਤਕ ਪਹੁੰਚ ਗਈ ਹੈ ਜਿਨ੍ਹਾਂ ਵਿਚ ਨਾਜਾਇਜ਼ ਸ਼ਰਾਬ ਮਾਫ਼ੀਆ ਜੋ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਆਪਣਾ ਜਾਲ ਫੈਲਾ ਚੁੱਕਿਆ ਸੀ, ਦੇ ਪੰਜ ਸਰਗਨਾ ਵੀ ਸ਼ਾਮਲ ਹਨ। ਇਸ ਮਾਮਲੇ ਵਿਚ ਅੱਠ ਹੋਰ ਪਛਾਣ ਕੀਤੇ ਗਏ ਦੋਸ਼ੀਆਂ ਦੀ ਪੂਰੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿਤੀ ਗਈ ਹੈ। ਇਨ੍ਹਾਂ ਵਿਚ ਲੁਧਿਆਣਾ ਨਿਵਾਸੀ ਇਕ ਪੇਂਟ ਦੀ ਦੁਕਾਨ ਦਾ ਮਾਲਕ ਰਾਜੇਸ਼ ਜੋਸ਼ੀ ਨਾਮੀ ਵਿਅਕਤੀ ਵੀ ਹੈ ਜੋ ਕਿ ਇਸ ਮਾਫ਼ੀਆ ਲੜੀ ਦਾ ਇਕ ਅਹਿਮ ਹਿੱਸਾ ਹੈ।