'ਜਥੇਦਾਰ' ਨੂੰ ਸੱਦਾ ਪੱਤਰ ਦੇਣ ਲਈ ਰਾਸ਼ਟਰੀ ਸਿੱਖ ਸੰਗਤ ਦਾ ਵਫ਼ਦ ਅਕਾਲ ਤਖ਼ਤ 'ਤੇ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਮ ਮੰਦਰ ਦੇ ਨਿਰਮਾਣ ਲਈ ਰੱਖੇ ਸਮਾਗਮ 'ਚ ਸ਼ਾਮਲ ਹੋਣ ਲਈ

File Photo

ਅੰਮ੍ਰਿਤਸਰ, 3 ਅਗੱਸਤ (ਪਰਮਿੰਦਰਜੀਤ): ਰਾਮ ਮੰਦਰ ਦੇ ਨਿਰਮਾਣ ਲਈ ਅਯੁਧਿਆ ਵਿਖੇ  5 ਅਗੱਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੱਖੇ ਜਾ ਰਹੇ ਨੀਂਹ ਪੱਥਰ ਮੌਕੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ 'ਜਥੇਦਾਰ' ਦੇ ਨਾਮ ਇਕ ਸੱਦਾ ਪੱਤਰ ਲੈ ਕੇ ਰਾਸ਼ਟਰੀ ਸਿੱਖ ਸੰਗਤ ਦਾ ਇਕ ਵਫ਼ਦ ਅਕਾਲ ਤਖ਼ਤ ਸਾਹਿਬ 'ਤੇ ਪੁੱਜਾ। ਪੱਤਰ ਵਿਚ ਕਿਹਾ ਗਿਆ ਹੈ ਕਿ ਰਾਮ ਮੰਦਰ ਦੇ ਨਿਰਮਾਣ ਦਾ ਇਤਿਹਾਸਕ ਉਪਰਾਲਾ ਕੀਤਾ ਜਾ ਰਿਹਾ ਹੈ।

ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਬੁਲਾਰੇ ਤੇ ਜਨਰਲ ਸਕੱਤਰ ਅੰਮ੍ਰਿਤਸਰ ਡਾ. ਸੰਦੀਪ ਸਿੰਘ ਵਲੋਂ ਦਸਿਆ ਗਿਆ ਕਿ ਇਹ ਸੱਦਾ ਪੱਤਰ 'ਜਥੇਦਾਰ' ਨੂੰ ਦਿਤਾ ਗਿਆ ਹੈ। ਰਾਸ਼ਟਰੀ ਸਿੱਖ ਸੰਗਤ ਦਾ ਇਕ ਵਫ਼ਦ ਜਿਸ ਵਿਚ ਰਾਸ਼ਟਰੀ ਜਨਰਲ ਸਕੱਤਰ ਸਰਦਾਰ ਰਘਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਬਿਕਰਮਜੀਤ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਸੁਰਜੀਤ ਸਿੰਘ ਅਤੇ ਕੁੱਝ ਹੋਰ ਸਾਥੀ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਇਸ ਦੇ ਨਾਲ-ਨਾਲ ਰਾਸ਼ਟਰੀ ਸਿੱਖ ਸੰਗਤ ਵਲੋਂ ਅਯੁਧਿਆ ਵਿਖੇ ਸਥਿਤ ਗੁਰਦਵਾਰਾ ਬ੍ਰਹਮ ਕੁੰਡ ਵਿਖੇ ਸ਼ੁਕਰਾਨਾ ਪਾਠ ਰਖਿਆ ਹੋਇਆ ਹੈ। ਅਖੰਡ ਪਾਠ ਦਾ ਭੋਗ ਪੰਜ ਅਗੱਸਤ ਨੂੰ ਸਵੇਰੇ ਸੱਤ ਵਜੇ ਪਾਇਆ ਜਾ ਰਿਹਾ ਹੈ। ਰਾਸ਼ਟਰੀ ਪ੍ਰਧਾਨ ਸ. ਗੁਰਬਚਨ ਸਿੰਘ ਗਿੱਲ ਵਲੋਂ 'ਜਥੇਦਾਰ' ਨੂੰ ਅਰਦਾਸ ਵਿਚ ਸ਼ਾਮਲ ਹੋਣ ਅਤੇ ਗੁਰੂ ਚਰਨਾਂ ਵਿਚ ਅਰਦਾਸ ਕਰਨ ਦੀ ਬੇਨਤੀ ਕੀਤੀ ਗਈ। ਰਾਸ਼ਟਰੀ ਸੰਗਤ ਵਲੋਂ ਇਸ ਦੇ ਨਾਲ ਪੰਜ ਸਰੋਵਰਾਂ ਦੇ ਜਲ ਨੂੰ ਇਕੱਠਾ ਕਰ ਰਾਮ ਜਨਮ ਭੂਮੀ ਵੀ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਜੋ ਇਸ ਅੰਮ੍ਰਿਤ ਰਾਹੀਂ ਇਸ ਸ਼ੁਭ ਕਾਰਜ ਵਿਚ ਸਿੱਖ ਕੌਮ ਦਾ ਯੋਗਦਾਨ ਵੀ ਪੈ ਸਕੇ।  

ਹਿੰਦੂਆਂ ਦੇ ਇਸ ਵੱਡੇ ਤੀਰਥ ਸਥਾਨ ਦੇ ਨਿਰਮਾਣ ਵਿਚ ਰਾਸ਼ਟਰੀ ਸਿੱਖ ਸੰਗਤ ਵਲੋਂ ਹਰ ਤਰ੍ਹਾਂ ਦਾ ਯੋਗਦਾਨ ਦਿਤਾ ਜਾ ਰਿਹਾ ਹੈ ਜਿਸ ਦੇ ਚਲਦੇ ਉਥੇ ਕਰਵਾਈ ਜਾ ਰਹੀ ਕਾਰ ਸੇਵਾ ਅਤੇ ਭੂਮੀ ਪੂਜਣ ਵਿਚ ਰਾਸ਼ਟਰੀ ਸੰਗਤ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸ. ਰਘੁਬੀਰ ਸਿੰਘ ਨੇ ਆਖਿਆ ਕਿ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਇਸ ਮੰਦਰ ਨੂੰ ਅਸੀਂ ਪਹਿਲੇ ਦਿਨ ਤੋਂ ਹੀ ਨਿਰਮਾਣ ਲਈ ਯੋਗਦਾਨ ਪਾ ਰਹੇ ਹਾਂ। ਰਾਸ਼ਟਰੀ ਸਿੱਖ ਸੰਗਤ ਪਹਿਲੇ ਦਿਨ ਤੋਂ ਹੀ ਇਸ ਮੁੱਦੇ 'ਤੇ ਇਕ ਰਾਏ ਹੋ ਕੇ ਹਿੰਦੂ ਸਮਾਜ ਦਾ ਸਾਥ ਦੇ ਰਹੀ ਸੀ। ਜਿੰਨੀ ਖ਼ੁਸ਼ੀ ਹਿੰਦੂ ਸਮਾਜ ਦੇ ਭਰਾਵਾਂ ਨੂੰ ਹੈ ਉਨੀ ਹੀ ਖ਼ੁਸ਼ੀ ਸਿੱਖ ਸਮਾਜ ਦੇ ਵੀਰਾਂ ਨੂੰ ਵੀ ਹੈ।

ਪਹਿਲੇ ਦਿਨ ਤੋਂ ਹੀ ਰਾਸ਼ਟਰੀ ਸਿੰਘ ਸੰਗਤ ਦੇ ਨਿਹੰਗ ਸਿੰਘਾਂ ਵਲੋਂ ਮਸਜਿਦ ਨੂੰ ਢਾਉਣ ਅਤੇ ਇਥੇ ਮੰਦਰ ਬਣਾਉਣ ਦਾ ਉਪਰਾਲਾ ਕੀਤਾ ਗਿਆ ਸੀ ਜਿਸ ਦੇ ਇਵਜ਼ ਵਿਚ ਉੱਥੋਂ ਦੀ ਪੁਲਿਸ ਨੇ ਨਿਹੰਗਾਂ 'ਤੇ ਪਰਚੇ ਵੀ ਕੀਤੇ ਹਨ ਜੋ ਕਿ ਅਜੇ ਤਕ ਵੀ ਚਲ ਰਹੇ ਹਨ। ਸਾਨੂੰ ਪੁਲਿਸ ਅਤੇ ਪ੍ਰਸ਼ਾਸਨ 'ਤੇ ਪੂਰਨ ਯਕੀਨ ਹੈ ਕਿ ਇਨ੍ਹਾਂ ਪਰਚਿਆਂ ਵਿਚੋਂ ਨਿਹੰਗ ਸਿੰਘਾਂ ਨੂੰ ਜਲਦੀ ਹੀ ਬਰੀ ਕਰ ਦਿਤਾ ਜਾਵੇਗਾ।