ਦਿਹਾੜੀਆਂ ਕਰ ਕੇ ਮੁੰਡੇ ਦੇ ਜਨਮ ਦਿਨ ਲਈ ਜੋੜ ਰਿਹਾ ਸੀ ਪੈਸੇ, ਜ਼ਹਿਰੀਲੀ ਸ਼ਰਾਬ ਨੇ ਉਜਾੜਿਆ ਸੁਪਨਿਆਂ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂਝਾ ਖੇਤਰ ਦੇ ਤਰਨ ਤਾਰਨ ਅਤੇ ਬਟਾਲਾ ਸਮੇਤ ਨੇੜਲੇ ਇਲਾਕਿਆਂ ਅੰਦਰ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਹਾਲ-ਦੁਹਾਈ ਦਾ ਸਿਲਸਿਲਾ ਜਾਰੀ ਹੈ

File Photo

ਤਰਨਤਾਰਨ, 3 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਮਾਂਝਾ ਖੇਤਰ ਦੇ ਤਰਨ ਤਾਰਨ ਅਤੇ ਬਟਾਲਾ ਸਮੇਤ ਨੇੜਲੇ ਇਲਾਕਿਆਂ ਅੰਦਰ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਹਾਲ-ਦੁਹਾਈ ਦਾ ਸਿਲਸਿਲਾ ਜਾਰੀ ਹੈ। ਇਲਾਕੇ ਦੇ ਸਮਸ਼ਾਨ ਘਾਟਾਂ ਅੰਦਰ ਇੱਕਠੇ ਸੜਦੇ ਸ਼ਿਵੇ ਵੇਖ ਕੇ ਹਰ ਕਿਸੇ ਦਾ ਕਲੇਜ਼ਾ ਮੂੰਹ ਨੂੰ ਆ ਰਿਹਾ ਹੈ। ਪਰ ਸਰਕਾਰਾਂ ਮੈਜਿਸਟ੍ਰੇਟੀ ਇਨਕੁਆਰੀ ਤੋਂ ਇਲਾਵਾ 2-2 ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਖ਼ੁਦ ਨੂੰ ਸੁਰਖਰੂ ਕਰਨ ਦੇ ਆਹਰ ਵਿਚ ਹਨ। ਸੈਂਕੜੇ ਜ਼ਿੰਦਗੀਆਂ ਨੂੰ ਲਾਸ਼ਾਂ ਵਿਚ ਤਬਦੀਲ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਹੋਰ ਅਮਲੇ-ਫੈਲੇ ਵਿਚੋਂ ਕੁੱਝ ਨੂੰ ਨੌਕਰੀ ਤੋਂ ਮੁਅਤਲ ਕਰ ਕੇ ਕਾਰਵਾਈ ਦਾ ਢਂੌਂਗ ਰਚਿਆ ਜਾ ਰਿਹਾ ਹੈ।

ਹੁਣ ਜਦੋਂ ਸੱਪ ਲੰਘ ਗਿਆ ਹੈ ਤਾਂ ਲੀਕ 'ਤੇ ਸੋਟੀਆਂ ਦੀ ਬਰਸਾਤ ਕੀਤੀ ਜਾ ਰਹੀ ਹੈ। ਰੋਜ਼ਾਨਾ ਹਜ਼ਾਰਾਂ ਲੀਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਫੜਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਦਕਿ ਪਹਿਲਾਂ ਪੀੜਤ ਲੋਕ ਨਸ਼ਾ ਮਾਫ਼ੀਆਂ ਵਿਰੁਧ ਦਰਖ਼ਾਸਤਾਂ ਤੇ ਦਰਖ਼ਾਸਤਾਂ ਦਿੰਦੇ ਰਹੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕੋਰੋਨਾ ਕਾਲ ਦੌਰਾਨ ਕੰਮ ਦੀ ਅਣਹੋਂਦ ਕਾਰਨ ਲੋਕਾਂ ਦੀਆਂ ਜੇਬਾਂ ਖ਼ਾਲੀ ਸਨ। ਇਸ ਦੇ ਬਾਵਜੂਦ ਵੀ ਸ਼ਰਾਬ ਮਾਫ਼ੀਆਂ ਦਾ ਧੰਦਾ ਬਾਦਸਤੂਰ ਜਾਰੀ ਰਿਹਾ। ਸਪੋਕਸਮੈਨ ਟੀ.ਵੀ. ਦੀ ਟੀਮ ਵਲੋਂ ਇਲਾਕੇ ਦਾ ਦੌਰਾ ਕਰਦਿਆਂ ਪੀੜਤਾਂ ਦੇ ਦੁੱਖ ਜਾਣਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕਈ ਸਨਸਨੀ ਖੁਲਾਸੇ ਹੋਏ ਹਨ। ਪੀੜਤ ਪਰਵਾਰਾਂ ਮੁਤਾਬਕ ਤਾਲਾਬੰਦੀ ਦੌਰਾਨ ਵੀ ਉਨ੍ਹਾਂ ਦੇ ਬੱਚਿਆਂ ਨੂੰ ਸ਼ਰਾਬ ਮਾਫ਼ੀਆਂ ਪੈਸੇ ਨਾ ਹੋਣ ਦੇ ਬਾਵਜੂਦ ਖਾਤੇ ਖੋਲ੍ਹ ਕੇ ਉਧਾਰ ਸ਼ਰਾਬ ਮੁਹਈਆ ਕਰਵਾਉਂਦਾ ਰਿਹਾ ਸੀ। ਪਿੱਛੋਂ ਗੁੰਡਾਗਰਦੀ ਦੀ ਧੌਂਸ ਦਿੰਦਿਆਂ ਉਨ੍ਹਾਂ ਦੀ ਜ਼ਬਰੀ ਪੈਸੇ ਵਸੂਲ ਕੀਤੇ ਗਏ।

ਸਪੋਕਸਮੈਨ ਟੀ.ਵੀ. ਦੇ ਪੱਤਰਕਾਰ ਲੋਕੇਸ਼ ਤ੍ਰਿਖਾ ਵਲੋਂ ਬਟਾਲਾ ਦੇ ਹਾਥੀ ਗੇਟ ਇਲਾਕੇ ਵਿਚ ਸਥਿਤ ਦੋ ਪੀੜਤ ਪਰਵਾਰਾਂ ਤਕ ਪਹੁੰਚ ਕੀਤੀ ਗਈ, ਜਿੱਥੇ ਜਤਿੰਦਰ ਅਤੇ ਭੁਪਿੰਦਰ ਕੁਮਾਰ ਨਾਂ ਦੇ ਦੋ ਨੌਜਵਾਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ ਹਨ। ਇਨ੍ਹਾਂ ਵਿਚੋਂ ਜਤਿੰਦਰ ਦੀ ਪਹਿਲਾਂ ਮੌਤ ਹੋ ਗਈ ਜਦਕਿ ਭੁਪਿੰਦਰ ਕੁਮਾਰ ਦੀ ਬਾਅਦ 'ਚ ਹੋਈ। ਭੁਪਿੰਦਰ ਕੁਮਾਰ ਦਾ 6 ਸਾਲਾ ਦਾ ਪੁੱਤਰ ਹੈ, ਜਿਸ ਦੇ ਸੋਮਵਾਰ 3 ਅਗੱਸਤ ਨੂੰ ਜਨਮ ਦਿਨ ਸੀ। ਪਰਵਾਰ ਮੁਤਾਬਕ ਭੁਪਿੰਦਰ ਕੁਮਾਰ ਨੇ ਅਪਣੇ ਪੁੱਤਰ ਨਾਲ ਸੋਮਵਾਰ ਨੂੰ ਉਸ ਦਾ ਜਨਮ ਦਿਨ ਮਨਾਉਣ ਦਾ ਵਾਅਦਾ ਕੀਤਾ ਸੀ। ਭੁਪਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਹ ਦਿਹਾੜੀ ਲਾ ਕੇ ਪੈਸੇ ਇੱਕਤਰ ਕਰ ਰਿਹਾ ਹੈ, ਜਿਸ ਨਾਲ ਉਹ ਅਪਣੇ ਪੁੱਤਰ ਦਾ ਜਨਮ ਦਿਨ ਮਨਾਏਗਾ। ਉਸ ਨੇ ਅਪਣੇ ਪੁੱਤਰ ਨੂੰ ਨਵੇਂ ਕਪੜੇ ਖ਼ਰੀਦ ਦਿਤੇ ਸਨ ਅਤੇ ਬਾਕੀ ਕੇਕ ਆਦਿ ਦੇ ਪ੍ਰਬੰਧ ਲਈ ਦਿਹਾੜੀਆਂ ਲਾ ਕਰ ਕੇ ਕਰ ਰਿਹਾ ਸੀ। ਪਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪੁੱਤਰ ਦੇ ਜਨਮ ਦਿਨ ਦਾ ਜਸ਼ਨ ਉਸ ਦੇ ਖ਼ੁਦ ਦੇ ਆਖਰੀ ਕਿਰਿਆਕ੍ਰਮ ਵਿਚ ਤਬਦੀਲ ਹੋ ਚੁੱਕਾ ਹੈ।

ਭੁਪਿੰਦਰ ਕੁਮਾਰ ਦੇ ਭਰਾ ਮੁਤਾਬਕ ਉਸ ਨੇ ਵੀਰਵਾਰ ਰਾਤੀ ਪੈਕਟਾਂ ਵਾਲੀ ਸ਼ਰਾਬ ਪੀਤੀ ਸੀ। ਰਾਤ ਉਹ ਕੁੱਝ ਠੀਕ ਰਿਹਾ ਪਰ ਸਵੇਰ ਵੇਲੇ ਉਸ ਦੀ ਤਬੀਅਤ ਕੁੱਝ ਢਿੱਲੀ ਹੋਣੀ ਸ਼ੁਰੂ ਹੋ ਗਈ। ਉਸ ਨੂੰ ਨੇੜਲੇ ਡਾਕਟਰ ਕੋਲ ਲਿਜਾਇਆ ਗਿਆ ਜਿੱਥੋਂ ਦਵਾਈ ਲੈ ਕੇ ਇਕ ਵਾਰ ਘਰ ਆ ਗਏ। ਜਦੋਂ ਉਸ ਨੂੰ ਜਤਿੰਦਰ ਨਾਮੀ ਨੌਜਵਾਨ ਦੀ ਮੌਤ ਬਾਰੇ ਪਤਾ ਚਲਿਆ ਤਾਂ ਉਸ ਦੀ ਤਬੀਅਦ ਜ਼ਿਆਦਾ ਵਿਗੜਣੀ ਸ਼ੁਰੂ ਹੋਈ। ਉਸ ਨੂੰ ਸੀਨੇ ਵਿਚ ਜਲਣ ਦੇ ਨਾਲ ਨਾਲ ਅੱਖਾਂ ਵਿਚੋਂ ਧੁੰਦਲਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ। ਮ੍ਰਿਤਕ ਦੇ ਭਰਾ ਮੁਤਾਬਕ ਭੁਪਿੰਦਰ ਕੁਮਾਰ ਨੇ 20-22 ਦਿਨ ਤੋਂ ਸ਼ਰਾਬ ਨਹੀਂ ਸੀ ਪੀਤੀ, ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਉਹ ਇਹ ਸ਼ਰਾਬ ਲਿਆ ਕੇ ਪੀਣ ਲੱਗਾ ਸੀ।

ਪੀੜਤ ਦੀ ਮਾਂ ਦਾ ਕਹਿਣਾ ਸੀ ਕਿ ਉਸ ਦੇ ਪੁੱਤਰ ਦੀ ਮੌਤ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਮ੍ਰਿਤਕ ਦੇ ਘਰ ਇੱਕਤਰ ਹੋਏ ਮੁਹੱਲਾ ਵਾਸੀ ਔਰਤਾਂ ਮੁਤਾਬਕ ਉਨ੍ਹਾਂ ਦੇ ਮੁਹੱਲੇ ਦੇ ਪ੍ਰਧਾਨ ਨੇ ਇਲਾਕੇ 'ਚ ਵਿਕਦੇ ਨਸ਼ਿਆਂ ਵਿਰੁਧ 6 ਮਹੀਨੇ ਪਹਿਲਾਂ ਸਾਰੇ ਮੁਹੱਲੇ ਦੇ ਦਸਤਖ਼ਤ ਕਰਵਾ ਕੇ ਥਾਣੇ ਇਤਲਾਹ ਵੀ ਦਿਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਔਰਤਾਂ ਮੁਤਾਬਕ ਇਸ ਤੋਂ ਪਹਿਲਾਂ ਵੀ ਕੋਈ ਸਾਲ ਪਹਿਲਾਂ ਦਰਖ਼ਾਸਤ ਦਿਤੀ ਸੀ। ਇਹ ਦਰਖ਼ਾਸਤਾਂ ਦੋ ਤਿੰਨ ਵਾਰ ਦਿਤੀਆਂ ਗਈਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਮੁਹੱਲਾ ਵਾਸੀਆਂ ਮੁਤਾਬਕ ਇੱਥੇ ਨਾਜਾਇਜ਼ ਸ਼ਰਾਬ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਨਸ਼ੇ ਵੀ ਵੇਚੇ ਜਾਂਦੇ ਸਨ। ਨਸ਼ੇ ਦੇ ਸੌਗਾਦਰਾਂ ਦਾ ਨੈੱਟਵਰਕ ਇੰਨਾ ਤਕੜਾ ਸੀ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਦੋ ਵਾਰ ਪੁਲਿਸ ਨੂੰ ਇਤਲਾਹ ਦੇ ਕੇ ਰੇਡ ਕਰਵਾਈ ਪਰ ਉਹ ਮੌਕੇ ਤੋਂ ਭੱਜਣ ਵਿਚ ਸਫ਼ਲ ਹੋ ਗਏ ਸਨ।  

ਮੁਹੱਲਾ ਵਾਸੀਆਂ ਮੁਤਾਬਕ ਇੱਥੇ 2016 ਵਿਚ ਵੀ ਕੁੱਝ ਮੌਤਾਂ ਹੋਈਆਂ ਸਨ। ਮੁਹੱਲੇ ਦੀਆਂ ਔਰਤਾਂ ਮੁਤਾਬਕ ਉਹ ਹੋਰਨਾਂ ਇਲਾਕਿਆਂ ਅੰਦਰ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ ਚਿੰਤਤ ਸਨ। ਇਸ ਕਾਰਨ ਕਿਸੇ ਅਣਹੋਣੀ ਦੇ ਡਰੋਂ ਉਹ ਅਪਣੇ ਬੱਚਿਆਂ ਨੂੰ ਨਸ਼ਿਆਂ ਰੂਪੀ ਅਲਾਮਤ ਤੋਂ ਬਚਾਉਣਾ ਚਾਹੁੰਦੇ ਸਨ। ਉਹ ਮੁਹੱਲੇ ਅੰਦਰ ਬਾਹਰਲੇ ਲੋਕਾਂ ਵਲੋਂ ਆ ਕੇ ਨਸ਼ੇ ਵੇਚਣ ਪ੍ਰਤੀ ਸੁਚੇਤ ਸਨ। ਉਨ੍ਹਾਂ ਨੇ ਮੁਹੱਲਾ ਪ੍ਰਧਾਨ ਦੀ ਅਗਵਾਈ ਹੇਠ ਕਈ ਵਾਰ ਲਿਖਤੀ ਸ਼ਿਕਾਇਤਾਂ ਵੀ ਦਿਤੀਆਂ। ਮੁਹੱਲਾ ਵਾਸੀਆਂ ਮੁਤਾਬਕ ਕਰੋਨਾ ਕਾਰਨ ਲੋਕਾਂ ਦੇ ਕੰਮ ਕਾਰ ਛੁਟਣ ਦੀ ਸੂਰਤ ਵਿਚ ਜਦੋਂ ਲੋਕਾਂ ਕੋਲ ਪੈਸੇ ਨਹੀਂ ਸਨ ਤਾਂ ਸ਼ਰਾਬ ਮਾਫ਼ੀਆਂ ਨੌਜਵਾਨਾਂ ਨੂੰ ਉਧਾਰ ਦੀ ਸ਼ਰਾਬ ਮੁਹੱਈਆ ਕਰਵਾਉਂਦਾ ਰਿਹਾ ਸੀ।

ਪਹਿਲਾਂ ਜਿਹੜਾ ਪੈਕਟ 20-20 ਰੁਪਏ ਵਿਚ ਮਿਲਦਾ ਸੀ, ਉਹ ਕਰੋਨਾ ਕਾਲ ਦੌਰਾਨ 40 ਤੋਂ 60 ਰੁਪਏ ਵਿਚ ਉਧਾਰ 'ਚ ਵੇਚਿਆ ਗਿਆ। ਸ਼ਰਾਬ ਮਾਫੀਏ ਵਾਲੇ ਨੌਜਵਾਨਾਂ ਦਾ ਖ਼ਾਤਾ ਖੋਲ੍ਹ ਦਿੰਦੇ ਸਨ ਤੇ ਬਾਅਦ 'ਚ ਕੰਮ ਲੱਗਣ 'ਤੇ ਹਿਸਾਬ ਕਰ ਦੇਣ ਦੀ ਸ਼ਰਤ 'ਤੇ ਸ਼ਰਾਬ ਮੁਹੱਈਆ ਕਰਵਾਉਂਦੇ ਰਹੇ ਸਨ। ਮੁਹੱਲੇ ਦੀਆਂ ਔਰਤਾਂ ਮੁਤਾਬਕ ਉਨ੍ਹਾਂ ਦੇ ਬੱਚੇ ਪਹਿਲਾਂ ਸ਼ਰਾਬ ਨਹੀਂ ਸੀ ਪੀਂਦੇ, ਪਰ ਸ਼ਰਾਬ ਮਾਫੀਏ ਵਲੋਂ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੂੰ ਉਧਾਰ ਸ਼ਰਾਬ ਮੁਹੱਈਆ ਕਰਵਾਈ ਜੋ ਵਿਹਲੇ ਹੋਣ ਕਾਰਨ ਹੋਲੀ ਹੋਲੀ ਸ਼ਰਾਬ ਪੀਣ ਦੇ ਆਦੀ ਹੋ ਗਏ। ਔਰਤਾਂ ਮੁਤਾਬਕ ਜਦੋਂ ਇਹ ਨੌਜਵਾਨ ਉਧਾਰ ਦੀ ਸ਼ਰਾਬ ਪੀ ਕੇ ਆਉਂਦੇ ਸਨ ਤਾਂ ਉਨ੍ਹਾਂ ਦਾ ਘਰ 'ਚ ਕਲੇਸ਼ ਵੀ ਹੁੰਦਾ ਸੀ ਪਰ ਉਹ ਕਰ ਕੁੱਝ ਨਹੀਂ ਸੀ ਸਕਦੇ। ਕਿਉਂਕਿ ਦਰਖ਼ਾਸਤਾਂ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਉਹ ਨਿਰਾਸ਼ ਹੋ ਚੁੱਕੇ ਸਨ।
ਔਰਤਾਂ ਮੁਤਾਬਕ ਲੌਕਡਾਊਨ ਦੌਰਾਨ ਉਨ੍ਹਾਂ ਨੇ ਦੋ ਵਾਰ ਪੁਲਿਸ ਨੂੰ ਇਤਲਾਹ ਦਿਤੀ ਪਰ ਪੁਲਿਸ ਆਉਣ 'ਤੇ ਉਹ ਫ਼ਰਾਰ ਹੋ ਜਾਂਦੇ ਸਨ। ਲੋਕਾਂ ਮੁਤਾਬਕ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਹੋਰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲੀ ਜਦਕਿ ਸ਼ਰਾਬ ਸਮੇਤ ਦੂਜੇ ਨਸ਼ਿਆਂ ਦੀ ਸਪਲਾਈ ਮੁਤਵਾਤਰ ਜਾਰੀ ਰਹੀ ਸੀ। ਔਰਤਾਂ ਮੁਤਾਬਕ ਸ਼ਰਾਬ ਮਾਫੀਆ ਦਾ ਭੁਪਿੰਦਰ ਕੁਮਾਰ ਸਿਰ 12 ਹਜ਼ਾਰ ਰੁਪਇਆ ਹੋ ਗਿਆ ਸੀ, ਜਿਸ ਦੀ ਵਸੂਲੀ ਲਈ ਉਹ ਘਰ ਤਕ ਆ ਜਾਂਦੇ ਸਨ। ਪੀੜਤ ਪਰਵਾਰਾਂ ਨੇ ਸ਼ਰਾਬ ਮਾਫੀਆ ਦੀਆਂ ਧਮਕੀਆਂ ਅੱਗੇ ਝੂਕਦਿਆਂ ਇਧਰੋਂ-ਉਧਰੋਂ ਪੈਸੇ ਫੜ ਕੇ ਉਨ੍ਹਾਂ ਦਾ ਉਧਾਰ ਲਾਹਿਆ ਸੀ।

ਸਰਕਾਰ ਵਲੋਂ ਦੋ ਲੱਖ ਮੁਆਵਜ਼ਾ ਦੇਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਪੀੜਤ ਪਰਵਾਰਾਂ ਦਾ ਗੁੱਸਾ ਫੁੱਟ ਗਿਆ। ਭੁਪਿੰਦਰ ਕੁਮਾਰ ਦੀ ਮਾਂ ਮੁਤਾਬਕ  ਉਹ ਘਰ ਘਾਟ ਅਤੇ ਹੋਰ ਸਭ ਕੁੱਝ ਵੇਚ ਵੱਟ ਕੇ ਸਰਕਾਰ ਨੂੰ ਦੋ ਦੀ ਥਾਂ 5 ਲੱਖ ਰੁਪਏ ਦੇਣ ਨੂੰ ਤਿਆਰ ਹੈ, ਪਰ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਮੋੜ ਦੇਵੇ। ਪੀੜਤ ਧਿਰਾਂ ਵਲੋਂ ਅਜਿਹੇ ਹੋਰ ਕਈ ਦਿਲ ਹਲੂਣਵੇ ਦੋਸ਼ ਸਰਕਾਰ 'ਤੇ ਲਗਾਏ ਗਏ। ਪੀੜਤ ਪਰਵਾਰਾਂ ਨੇ ਸਰਕਾਰ ਵਲੋਂ ਐਲਾਨੀ ਗਈ ਦੋ-ਦੋ ਲੱਖ ਦੀ ਸਹਾਇਤਾ ਨੂੰ ਨਕਾਰਦਿਆਂ ਮ੍ਰਿਤਕਾਂ ਦੀਆਂ ਵਿਧਵਾਵਾਂ ਲਈ ਸਰਕਾਰੀ ਨੌਕਰੀ ਤੋਂ ਇਲਾਵਾ ਗੁਜ਼ਾਰੇਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।