ਪੁਲੀਸ ਤੇ ਆਬਕਾਰੀ ਵਿਭਾਗ ਦੀ ਸ਼ਹਿ ਤੋਂ ਬਿਨਾਂ ਨਹੀਂ ਹੋ ਸਕਦੀ ਸ਼ਰਾਬ ਦੀ ਤਸਕਰੀ : ਦੂਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2019 'ਚ ਮੁੱਖ ਮੰਤਰੀ ਇੱਕ ਵੱਡੀ ਕਾਰਵਾਈ ਕਰ ਲੈਂਦੇ ਤਾਂ ਨਹੀਂ ਹੋਈਆਂ ਹੋਣੀਆਂ ਸਨ ਹੁਣ ਨਕਲੀ ਸ਼ਰਾਬ ਨਾਲ ਇਹ ਮੌਤਾਂ

Shamsher Singh Dullo

ਚੰਡੀਗੜ੍ਹ, 3 ਅਗੱਸਤ (ਨੀਲ ਭਲਿੰਦਰ ਸਿੰਘ) : ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਦੀ ਗਿਣਤੀ 'ਚੋਂ ਜੋ ਵਧਦੀ ਜਾ ਰਹੀ ਹੈ ਤਿਉਂ ਤਿਉਂ ਸਿਆਸਤ ਵੀ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੂਲੋ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਸਬੰਧ ਵਿਚ ਪੰਜਾਬ ਦੇ ਰਾਜਪਾਲ ਨੂੰ ਅੱਜ ਮੰਗ ਪੱਤਰ ਸੌਂਪ ਕੇ ਇਸ ਸਮੁੱਚੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਨ੍ਹਾਂ ਦੋਵਾਂ ਸੀਨੀਅਰ ਨੇਤਾਵਾਂ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਸੂਬੇ ਚ ਵਾਪਰ ਰਹੇ ਮੌਜੂਦਾ ਘਟਨਾਕ੍ਰਮ ਕਾਰਨ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਾਖ਼ ਡਿੱਗ ਰਹੀ ਹੈ। ਸ਼ਮਸ਼ੇਰ ਸਿੰਘ ਦੂਲੋਂ ਨੇ ਇਸ ਪੱਤਰਕਾਰ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਉਚੇਚੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ 2019 ਦੇ ਜਨਵਰੀ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਂਬਰ ਪਾਰਲੀਮੈਂਟਾਂ ਦੀ ਇੱਕ ਉਚੇਚੀ ਬੈਠਕ ਲਈ ਸੀ।

ਜਿਸ ਦੌਰਾਨ ਉਨ੍ਹਾਂ ਖ਼ੁਦ ਪੰਜਾਬ ਵਿੱਚ ਸ਼ਰਾਬ ਮਾਫ਼ੀਆ ਪਨਪ ਰਿਹਾ ਹੋਣ ਦੀ ਸ਼ਿਕਾਇਤ ਕੀਤੀ ਸੀ। ਜਿਸ ਮਗਰੋਂ ਪੰਜਾਬ ਵਿੱਚ ਤਿੰਨ ਵੱਡੀਆਂ ਡਿਸਟਿਲਰੀਜ਼ ਫੜੀਆਂ ਵੀ ਗਈਆਂ ਸਨ। ਪਰ ਮੁੜ ਕੇ ਇਸ ਸਬੰਧ ਵਿੱਚ ਕੋਈ ਠੋਸ ਕਾਰਵਾਈ ਨਾ ਹੋ ਸਕੀ। ਦੂਲੋਂ ਨੇ ਸਪੱਸ਼ਟ ਤੌਰ ਉੱਤੇ ਕਿਹਾ ਕਿ ਜੇਕਰ ਮੁੱਖ ਮੰਤਰੀ ਉਦੋਂ ਹੀ ਸ਼ਰਾਬ ਮਾਫੀਆ ਨੂੰ ਠੱਲ੍ਹ ਪਾ ਲੈਂਦੀ ਤਾਂ ਅੱਜ ਇੰਨੀਆਂ ਜ਼ਿਆਦਾ ਮਨੁੱਖੀ ਜਾਨਾਂ ਨਾ ਜਾਂਦੀਆਂ। ਦੂਲੋਂ ਨੇ ਕਿਹਾ ਕਿ ਪੰਜਾਬ ਅੰਦਰ ਸ਼ਰਾਬ ਦੀ ਸਮੱਗਲਿੰਗ ਸਰਕਾਰ, ਪੁਲਿਸ, ਸਿਆਸਤਦਾਨਾ  ਅਤੇ ਆਬਕਾਰੀ ਵਿਭਾਗ ਦੀ ਸ਼ਹਿ ਤੋਂ ਬਗੈਰ ਹੋ ਹੀ ਨਹੀਂ ਸਕਦੀ । ਦੁਲੋਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਪਾਰਟੀ ਅੰਦਰ ਮਾਫ਼ੀਆ ਆ ਚੁੱਕਾ ਹੈ ਜਿਸ ਕਾਰਨ ਪਾਰਟੀ ਦਾ ਭਵਿੱਖ ਪੰਜਾਬ ਵਿੱਚ ਦਾਅ ਤੇ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਵੀ ਉਨ੍ਹਾਂ ਨੂੰ ਸ਼ਰੇਆਮ ਕਹਿਣ ਲੱਗ ਪਏ ਹਨ ਕਿ ਜੋ ਕੁਝ ਅਕਾਲੀ ਕਰ ਰਹੇ ਸਨ ਉਹੀ ਹੁਣ ਕਾਂਗਰਸ ਸਰਕਾਰ ਵਿੱਚ ਹੋਣ ਲੱਗ ਪਿਆ ਹੈ।

ਦੂਲੋ ਨੇ ਪਾਰਟੀ ਦੀ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਵੀ ਸੂਬੇ ਅੰਦਰ ਸਾਖ ਡਿੱਗ ਰਹੀ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਲਈ ਦਲ ਬਦਲੀਆਂ ਦਾ  ਪੰਜਾਬ ਸਰਕਾਰ ਉੱਤੇ ਭਾਰੂ ਹੋਣਾ ਮੁੱਖ ਤੌਰ ਤੇ ਜ਼ਿੰਮੇਵਾਰ ਹੈ। ਦੂਲੋਂ ਨੇ ਕਿਹਾ ਕਿ ਅਸਲੀ ਕਾਂਗਰਸੀਆਂ ਨੂੰ ਸੂਬੇ ਅੰਦਰ ਭਾਰੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸੇ ਵੇਲੇ ਅੱਤਵਾਦ ਦੇ ਹੱਕ ਵਿੱਚ ਖੜ੍ਹੇ ਸਨ। ਉਹ ਮੁੜ ਕੇ ਪੈਸੇ ਦੇ ਜ਼ੋਰ ਤੇ ਕਾਂਗਰਸ ਪਾਰਟੀ ਦੀਆਂ ਹੀ ਟਿਕਟਾਂ ਲੈਣ ਵਿੱਚ ਸਫਲ ਹੋ ਗਏ। ਜਦਕਿ ਪਾਰਟੀ ਲਈ ਕੁਰਬਾਨੀਆਂ ਦੇਣ ਵਾਲੇ ਕਾਂਗਰਸੀ ਖੂੰਜੇ ਲਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਟਿਕਟਾਂ ਦੇਣ ਮੌਕੇ ਪਾਰਟੀ ਦੇ ਇੰਚਾਰਜਾਂ ਨੇ ਹੀ ਭ੍ਰਿਸ਼ਟਾਚਾਰ ਦੇ ਜ਼ੋਰ ਤੇ ਟਿਕਟਾਂ ਵੰਡ ਦਿੱਤੀਆਂ ਤੇ ਕਾਂਗਰਸੀਆਂ ਨੂੰ ਦਰ ਕਿਨਾਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਵਿੱਚ ਪਾਰਟੀ ਦੀ ਮਜ਼ਬੂਤ ਸਰਕਾਰ ਹੋਣ ਦੇ ਬਾਵਜੂਦ ਵੀ ਸਾਖ ਡਿੱਗ ਰਹੀ ਹੋਣ ਨੂੰ ਸਮਝਣ ਅਤੇ ਬਤੌਰ ਮੁੱਖ ਮੰਤਰੀ ਅਤੇ ਆਬਕਾਰੀ ਅਤੇ ਕਰ ਵਿਭਾਗ ਦੇ ਵੀ ਮੁਖੀ ਹੁੰਦਿਆਂ ਸਹੀ ਕਦਮ ਚੁੱਕਦੇ ਹੋਏ ਮਾਮਲੇ ਦੀ ਨਿਰਪੱਖ ਜਾਂਚ ਲਈ  ਇਹ ਜ਼ਿੰਮਾ ਸੀਬੀਆਈ ਨੂੰ ਸੌਂਪਣ।