ਕੋਰੋਨਾ ਖ਼ੌਫ਼ : ਜੇਲਾਂ 'ਚ ਬੰਦ ਭਰਾਵਾਂ ਨੂੰ ਰਖੜੀ ਬੰਨ੍ਹਣ ਤੋਂ ਭੈਣਾਂ ਨੇ ਟਾਲਾ ਵਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਜੇਲ ਵਿਚ ਕੇਵਲ ਢਾਈ ਦਰਜਨ ਭੈਣਾਂ ਰਖੜੀ ਲੈ ਕੇ ਪੁੱਜੀਆਂ

File Photo

ਬਠਿੰਡਾ, 3 ਅਗੱਸਤ (ਸੁਖਜਿੰਦਰ ਮਾਨ) : ਦੁਨੀਆਂ ਭਰ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਭੈਣ-ਭਰਾਵਾਂ ਦੇ ਪਵਿੱਤਰ ਤਿਉਹਾਰ ਰਖੜੀ 'ਤੇ ਵੀ ਅਸਰ ਪਾਇਆ ਹੈ। ਕੋਰੋਨਾ ਖੌਫ਼ ਦੇ ਚਲਦੇ ਇਸ ਵਾਰ ਜੇਲਾਂ 'ਚ ਬੰਦ ਭਰਾਵਾਂ ਨੂੰ ਰਖੜੀ ਬੰਨ੍ਹਣ ਤੋਂ ਜ਼ਿਆਦਾਤਰ ਭੈਣਾਂ ਨੇ ਟਾਲਾ ਵੱਟਣ ਵਿਚ ਹੀ ਭਲਾਈ ਸਮਝੀ ਹੈ। ਬਠਿੰਡਾ ਦੀ ਕੇਂਦਰੀ ਜੇਲ ਵਿਭਾਗ ਦੇ ਸੂਤਰਾਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 10 ਫ਼ੀ ਸਦੀ ਭੈਣਾਂ ਹੀ ਰਖੜੀ ਲੈ ਕੇ ਪੁੱਜੀਆਂ ਹਨ। ਉਂਜ ਕੋਰੋਨਾ ਨਿਯਮਾਂ ਦੀ ਸਖ਼ਤੀ ਦੇ ਚਲਦਿਆਂ ਜੇਲ ਅਧਿਕਾਰੀਆਂ ਵਲੋਂ ਜੇਲਾਂ ਦੇ ਬਾਹਰ ਹੀ ਰਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਇੰਤਜ਼ਾਮ ਕੀਤੇ ਹੋਏ ਸਨ।

ਸੂਤਰਾਂ ਅਨੁਸਾਰ ਕਿਸੇ ਵੀ ਕੈਦੀ ਜਾਂ ਹਵਾਲਾਤੀ ਨਾਲ ਰਖੜੀ ਬੰਨ੍ਹਣ ਆਈ ਭੈਣ ਨੂੰ ਸਿੱਧੇ ਤੌਰ 'ਤੇ ਨਹੀਂ ਮਿਲਣ ਦਿਤਾ ਗਿਆ ਬਲਕਿ ਉਨ੍ਹਾਂ ਕੋਲੋਂ ਨਾਮ ਦੀਆਂ ਪਰਚੀਆਂ ਨਾਲ ਲੈ ਕੇ ਰਖੜੀਆਂ ਨੂੰ ਟੋਕਰੀਆਂ ਵਿਚ ਰਖਵਾ ਦਿਤਾ ਗਿਆ ਜਿਸ ਤੋਂ ਬਾਅਦ ਜੇਲ ਵਿਭਾਗ ਨੇ ਇਸ ਤਿਉਹਾਰ ਵਿਚ ਮਿਠਾਸ ਭਰਨ ਲਈ ਅਪਣੇ ਕੋਲੋਂ ਹਰ ਰਖੜੀ ਨਾਲ ਮਿਸ਼ਰੀ ਦਾ ਪੈਕੇਟ ਵੀ ਰੱਖ ਦਿਤਾ। ਇਸ ਤੋਂ ਬਾਅਦ ਪਰਚੀਆਂ ਦੇ ਆਧਾਰ 'ਤੇ ਕੈਦੀਆਂ ਤੇ ਹਵਾਲਾਤੀਆਂ ਨੂੰ ਇਹ ਰਖੜੀਆਂ ਮਿਸ਼ਰੀ ਵਾਲੇ ਪੈਕੇਟ ਨਾਲ ਵੰਡ ਦਿਤੀਆਂ ਗਈਆਂ। ਜੇਲ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੋਵਿਡ-19 ਦੇ ਚਲਦਿਆਂ ਕੈਦੀਆਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦਰਮਿਆਨ ਮੋਹ ਦੀਆਂ ਤੰਦਾਂ ਦੇ ਸੁਮੇਲ ਨੂੰ ਯਕੀਨੀ ਬਣਾਉਂਦਿਆਂ ਇਸ ਮਹਾਂਮਾਰੀ ਕਾਰਨ ਬਣਾਏ ਨੇਮਾਂ ਨੂੰ ਵੀ ਤਿੜਕਣ ਨਹੀਂ ਦਿਤਾ ਗਿਆ।

ਗੌਰਤਲਬ ਹੈ ਕਿ ਪਿਛਲੇ ਸਾਲਾਂ ਦੌਰਾਨ ਹਰ ਸਾਲ 250-300 ਦੇ ਕਰੀਬ ਭੈਣਾਂ ਜੇਲਾਂ 'ਚ ਬੰਦ ਅਪਣੇ ਭਰਾਵਾਂ ਨੂੰ ਰਖੜੀ ਬੰਨਣ ਆਉਂਦੀਆਂ ਰਹੀਆਂ ਹਨ। ਜੇਲ ਸੂਤਰਾਂ ਮੁਤਾਬਕ ਇਸ ਵਾਰ ਇੰਨੀ ਤਾਦਾਦ 'ਚ ਭੈਣਾਂ ਦੇ ਪੁੱਜਣ ਦੀ ਸੰਭਾਵਨਾ ਨੂੰ ਵੇਖਦਿਆਂ ਮੁਲਾਕਾਤ ਵਾਲੀ ਜਗ੍ਹਾ ਦੇ ਅੱਗੇ ਟੈਂਟ ਲਗਾ ਕੇ ਇਨ੍ਹਾਂ ਦੇ ਬੈਠਣ ਲਈ ਸਮਾਜਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰਖਦਿਆਂ ਇੰਤਜਾਮ ਕੀਤੇ ਹੋਏ ਸਨ। ਜਿਸ ਦੇ ਚਲਦੇ ਗੇਟਾਂ ਦੇ ਬਾਹਰ ਕੈਦੀਆਂ ਦੇ ਪਰਵਾਰਕ ਮੈਂਬਰਾਂ ਲਈ ਬੈਠਣ ਅਤੇ ਪੀਣ ਵਾਲੇ ਪਾਣੀ ਦੇ ਨਾਲ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਸੀ। ਇਸ ਤੋਂ ਇਲਾਵਾ ਰਖੜੀ ਦੇ ਪੈਕੇਟਾਂ ਨੂੰ ਵੀ ਸੈਨੇਟਾਈਜ਼ ਅਤੇ ਚੈਕਿੰਗ ਤੋਂ ਬਾਅਦ ਪੈਕਿੰਗ ਕਰ ਕੇ ਅੰਦਰ ਕੈਦੀਆਂ ਕੋਲ ਤੁਰਤ ਭੇਜਿਆ ਗਿਆ।

ਬਠਿੰਡਾ ਜੇਲ ਵੀ ਆ ਚੁੱਕੇ ਹਨ ਦੋ ਮੁਲਾਜ਼ਮ ਤੇ ਇਕ ਮਹਿਲਾ ਹਵਾਲਾਤੀ ਪਾਜ਼ੇਟਿਵ- ਬਠਿੰਡਾ ਕੇਂਦਰੀ ਜੇਲ ਵਿਚ ਹੁਣ ਤਕ ਦੋ ਜੇਲ ਮੁਲਾਜ਼ਮ ਤੇ ਇਕ ਮਹਿਲਾ ਹਵਾਲਾਤੀ ਪਾਜ਼ੇਟਿਵ ਆ ਚੁੱਕੇ ਹਨ। ਇਸ ਜੇਲ ਵਿਚ ਕਰੀਬ 1300 ਦੇ ਕਰੀਬ ਕੈਦੀ ਤੇ ਹਵਾਲਾਤੀ ਬੰਦ ਹਨ। ਜੇਲ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਦਸਿਆ ਕਿ ਹੁਣ ਤਕ ਸਮੂਹ ਜੇਲ ਸਟਾਫ਼ ਸਹਿਤ 800 ਦੇ ਕਰੀਬ ਕੈਦੀਆਂ ਤੇ ਹਵਾਲਾਤੀਆਂ ਦੇ ਕਰੋਨਾ ਟੈਸਟ ਕਰਵਾਏ ਜਾ ਚੁੱਕੇ ਹਨ ਤੇ ਬਾਕੀਆਂ ਦੇ ਵੀ ਆਉਣ ਵਾਲੇ ਦਿਨਾਂ ਵਿਚ ਕਰਵਾਏ ਜਾ ਰਹੇ ਹਨ। ਸੁਪਰਡੈਂਟ ਸਿੱਧੂ ਮੁਤਾਬਕ ਕੈਦੀਆਂ ਤੇ ਉਨ੍ਹਾਂ ਦੇ ਪਰਵਾਰਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਇਸ ਵਾਰ ਕੈਦੀਆਂ ਤੇ ਉਨ੍ਹਾਂ ਦੀਆਂ ਭੈਣਾਂ ਦੀ ਸਿੱਧੀ ਮੁਲਾਕਾਤ ਨਹੀਂ ਕਰਵਾਈ ਗਈ।

ਸਪੈਸ਼ਲ ਜੇਲ ਵਿਚ ਦੋ ਦਰਜਨ ਤੋਂ ਵੱਧ ਹਵਾਲਾਤੀ ਮਿਲੇ ਹਨ ਪਾਜ਼ੇਟਿਵ- ਉਧਰ ਕੇਂਦਰੀ ਜੇਲ ਦੇ ਸਾਹਮਣੇ ਬਣੀ ਵੂਮੈਨ ਜੇਲ, ਜਿਸ ਨੂੰ ਹੁਣ ਸਰਕਾਰ ਵਲੋਂ ਸਪੈਸ਼ਲ ਜੇਲ ਐਲਾਨਿਆ ਜਾ ਚੁੱਕਾ ਹੈ, ਵਿਚ ਦੋ ਦਰਜਨ ਦੇ ਕਰੀਬ ਹਵਾਲਾਤੀ ਪਾਜ਼ੇਟਿਵ ਆ ਚੁੱਕੇ ਹਨ। ਦਸਣਾ ਬਣਦਾ ਹੈ ਕਿ ਵੱਖ-ਵੱਖ ਕੇਸਾਂ ਵਿਚ ਜੇਲ ਭੇਜੇ ਜਾਣ ਵਾਲੇ ਮੁਜ਼ਰਮਾਂ ਨੂੰ ਸਿੱਧਾ ਕੇਂਦਰੀ ਜੇਲ ਭੇਜੇ ਜਾਣ ਤੋਂ ਪਹਿਲਾਂ 15 ਦਿਨ ਵਿਸ਼ੇਸ਼ ਜੇਲ ਵਿਚ ਰਖਿਆ ਜਾਂਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰੀ ਜੇਲ ਵਿਚ ਭੇਜਿਆ ਜਾਂਦਾ ਹੈ।