ਕਿਸਾਨਾਂ ਦੀ ਸਰਕਾਰ ਬਣਾਉਣ ਦਾ ਪ੍ਰਸਤਾਵ ਲੈ ਕੇ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਗੁਰਨਾਮ ਸਿੰਘ ਚੜੂਨੀ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਦੀ ਸਰਕਾਰ ਬਣਾਉਣ ਦਾ ਪ੍ਰਸਤਾਵ ਲੈ ਕੇ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ : ਗੁਰਨਾਮ ਸਿੰਘ ਚੜੂਨੀ

image

ਗੜ੍ਹਸ਼ੰਕਰ 3 ਅਗੱਸਤ (ਦੀਪਕ ਅਗਨੀਹੋਤਰੀ) : ਅੱਜ ਤਕ ਦੇ ਇਤਿਹਾਸ ਦੀਆਂ ਦੀਆਂ ਹਿੰਦੋਸਤਾਨ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਅਪਣੇ ਸੌੜੇ ਹਿਤਾਂ ਦੀ ਖ਼ਾਤਰ 'ਉੱਤਮ ਖ਼ੇਤੀ ਮੱਧਮ ਵਪਾਰ' ਦੇ ਨਾਹਰੇ ਨੂੰ  ਪਲਟ ਕੇ ਰੱਖ ਦਿਤਾ ਹੈ ਜਿਸ ਕਾਰਨ ਅੱਜ ਪੰਜਾਬ ਸਮੇਤ ਦੇਸ਼ ਵਿਚ ਜਿੱਥੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਉਥੇ ਉਨ੍ਹਾਂ ਦੀ ਆਰਥਕ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਗੜ੍ਹਸ਼ੰਕਰ ਵਿਖੇ ਲੋਕਾਂ ਅਤੇ ਕਿਸਾਨਾਂ ਦੇ ਇਕ ਭਾਰੀ ਇੱਕਠ ਨੂੰ  ਸੰਬੋਧਨ ਕਰਦਿਆਂ ਪ੍ਰਗਟ ਕੀਤੇ |
ਸ੍ਰੀ ਚੜੂਨੀ ਅੱਜ ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਵਲੋਂ ਅਪਣੇ ਵੱਡੀ ਗਿਣਤੀ ਵਿਚ ਨਾਲ ਆਏ ਸਾਥੀਆਂ ਨੂੰ  ਲੈ ਕੇ ਇਹ ਮੀਟਿੰਗ ਕਰਵਾਈ ਸੀ ਜਿਸ ਦਾ ਸਿੱਧਾ ਸੰਦੇਸ਼ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ  ਚੇਤਾਵਨੀ ਸੀ ਕਿ ਅਕਾਲੀ ਦਲ ਨਾਲ ਸੀਟਾਂ ਦੀ ਵੰਡ ਅਤੇ ਸਮਝੌਤੇ ਤੋਂ ਬਾਅਦ ਗੜ੍ਹਸ਼ੰਕਰ ਸੀਟ ਅਕਾਲੀ ਦਲ ਲਈ ਖ਼ਤਰਾ ਹੈ | ਸ੍ਰੀ ਚੜੂਨੀ ਨੇ ਕਿਹਾ ਕਿ ਉਨ੍ਹਾਂ ਦੇਸ਼ ਦੀਆਂ ਲੋਟੂ ਪਾਰਟੀਆਂ ਦੀਆਂ ਸਰਕਾਰਾਂ ਨੂੰ  ਚਲਦਾ ਕਰਨ ਲਈ ਅਤੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਬਣਾਉਣ ਲਈ ਇਹ ਮਿਸ਼ਨ ਪੰਜਾਬ ਸ਼ੁਰੂ ਕੀਤਾ ਹੈ ਜਿਸ ਅਧੀਨ ਸਾਰੇ ਪੰਜਾਬ ਵਿਚ ਲੋਕਾਂ ਦੀ ਅਪਣੀ ਸਰਕਾਰ ਬਣਾਉਣ ਦਾ ਸੱਦਾ ਦੇਣ ਲਈ ਹਰ ਵਿਧਾਨ ਸਭਾ ਖੇਤਰ ਵਿਚ ਜਾ ਰਹੇ ਹਨ | ਉਨ੍ਹਾਂ ਵੋਟਾਂ ਦੀ ਗਿਣਤੀ ਮਿਣਤੀ ਨਾਲ ਲੋਕਾਂ ਵਿਚ ਅਜਿਹਾ ਜੋਸ਼ ਭਰਿਆ ਕਿ ਸਾਰਾ ਹਾਲ ਬੋਲੇ ਸੋ ਨਿਹਾਲ ਦੇ ਨਾਹਰਿਆਂ ਨਾਲ ਗੂੰਜ ਪਿਆ | 
ਉਨ੍ਹਾਂ ਗਾਇਕ ਜੱਸ ਬਾਜਵਾ ਦੇ 10 ਇਮਾਨਦਾਰ ਵਿਧਾਇਕਾਂ ਦੀ ਚੋਣ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਕਿਹਾ ਕੇਂਦਰ ਸਰਕਾਰ ਦੀਆਂ ਕਿਸਾਨ ਅਤੇ ਲੋਕ ਮਾਰੂ ਨੀਤੀਆਂ ਖ਼ਤਮ ਕਰਨ ਲਈ 10 ਨਹੀਂ ਪੂਰੀ ਸਰਕਾਰ ਹੀ ਮਿਹਨਤੀ ਲੋਕਾਂ ਦੀ ਬਣਨੀ ਚਾਹੀਦੀ ਹੈ ਕਿਉਂਕਿ ਅੱਜ ਦੇਸ਼ ਵਿਚ ਤਿੰਨ ਪ੍ਰਤੀਸ਼ਤ ਅਮੀਰ ਲੋਕ ਹੀ 97 ਪ੍ਰਤੀਸ਼ਤ ਲੋਕਾਂ 'ਤੇ ਰਾਜ ਕਰ ਰਹੇ ਹਨ | ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਸ਼ਪਾਲ ਰਾਜੂ ਅਤੇ ਸਾਬਕਾ ਵਿਧਾਇਕਾ ਸ਼ਿੰਗਾਰਾ ਰਾਮ ਸੰਹੂਗੜਾ ਦੀਆਂ ਜੋਸ਼ਲੀਆਂ ਤਕਰੀਰਾਂ ਨੇ ਦਰਸਾ ਦਿਤਾ ਕਿ ਇਹ ਰੈਲੀ ਬਸਪਾ ਅਤੇ ਅਕਾਲੀ ਦਲ ਲਈ ਗੜ੍ਹਸ਼ੰਕਰ ਵਿਚ ਵੱਡਾ ਖ਼ਤਰਾ ਬਣਨ ਜਾ ਰਹੀ ਹੈ | 
ਇਸ ਮੌਕੇ ਰਛਪਾਲ ਸਿੰਘ ਲਾਲੀ ਸਰਪੰਚ ਭਾਰਟਾ, ਗੁਰਸ਼ਰਨ ਸਿੰਘ, ਮਨੋਹਰ ਲਾਲ ਬਹਿਰਾਮ, ਹਰਭਜਨ ਸਿੰਘ ਕਲੇਰ, ਕੁੰਦਨ ਲਾਲ ਬਡੇਸਰੋਂ, ਚਮਨ ਲਾਲ ਖ਼ੇੜਾ, ਪ੍ਰੇਮ ਸਿੰਘ ਮੋਰਾਂਵਾਲੀ, ਮਾ ਮਲਕੀਤ ਸਿੰਘ, ਗੁਰਦੇਵ ਸਿੰਘ, ਸੁਖ਼ਵੀਰ ਸਿੰਘ ਸ਼ਾਲੀਮਾਰ, ਰੇਸ਼ਮ ਸਿੰਘ ਕਾਹਲੋਂ, ਜਸਵੀਰ ਸਿੰਘ, ਗੁਲਬਰਗ ਸਿੰਘ, ਹਰਭਜਨ ਕਲੇਰ, ਰਜਿੰਦਰ ਸਿੰਘ, ਮਲਕੀਤ ਸਿੰਘ, ਮੱਖ਼ਣ ਸਿੰਘ ਕੋਠੀ, ਨਰੰਜਣ ਸਿੰਘ, ਸੁਖ਼ਵਿੰਦਰ ਸਿੰਘ, ਕੁਲਵੀਰ ਸਿੰਘ, ਨਰਿੰਦਰ ਸਿੰਘ, ਗਿਆਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਬਸਪਾ ਸਮਰਥਕ ਆਗੂ ਵੀ ਹਾਜ਼ਰ ਸਨ |