ਪੇਗਾਸਸ ਤੇ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਦਾ ਰੌਲਾ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਪੇਗਾਸਸ ਤੇ ਹੋਰ ਮੁੱਦਿਆਂ 'ਤੇ ਵਿਰੋਧੀ ਧਿਰ ਦਾ ਰੌਲਾ ਜਾਰੀ

image


ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਉਠੀ

ਨਵੀਂ ਦਿੱਲੀ, 3 ਅਗੱਸਤ : ਪੇਗਾਸਸ ਜਾਸੂਸੀ ਮਾਮਲੇ ਅਤੇ ਕੁੱਝ ਹੋਰ ਮੁੱਦਿਆਂ ਨੂੰ  ਲੈ ਕੇ ਕਾਂਗਰਸ ਸਮੇਤ ਕਈ ਵਿਰੋਧੀ ਦਲਾਂ ਦੇ ਮੈਂਬਰਾਂ ਦੇ ਰੌਲੇ ਕਾਰਨ ਮੰਗਲਵਾਰ ਨੂੰ  ਵੀ ਲੋਕਸਭਾ ਤੇ ਰਾਜਸਭਾ ਦੀ ਕਾਰਵਾਈ ਰੁਕਦੀ ਰਹੀ | ਲੋਕਸਭਾ ਤਿੰਨ ਵਾਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ | 
ਵਿਰੋਧੀ ਮੈਂਬਰਾਂ ਦੀ ਨਾਹਰੇਬਾਜ਼ੀ ਵਿਚਾਲੇ ਹੀ ਲੋਕਸਭਾ ਦੋ ਬਿਲ ਪਾਸ ਕੀਤੇ ਗਏ | ਪਿਛਲੀ 19 ਜੁਲਾਈ ਤੋਂ ਸ਼ੁਰੂ ਹੋਏ ਸੰਸਦ ਦੇ ਮਾਨਸੂਨ ਸਤਰ ਵਿਚ ਹੁਣ ਤਕ ਲੋਕ ਸਭਾ ਦੀ ਕਾਰਵਾਈ ਰੁਕਦੀ ਰਹੀ ਹੈ | ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਮੰਗਲਵਾਰ ਨੂੰ  ਕਰੀਬ 40 ਮਿੰਟ ਤਕ ਰੌਲੇ ਵਿਚਾਲੇ ਪ੍ਰਸ਼ਨਕਾਲ ਚਲਾਇਆ | ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਆਸਣ ਦੇ ਨੇੜੇ ਪਹੁੰਚ ਗਏ | ਲੋਕ ਸਭਾ ਪ੍ਰਧਾਨ ਬਿਰਲਾ ਨੇ ਰੌਲੇ ਵਿਚਾਲੇ ਪ੍ਰਸ਼ਨਕਾਰ ਸ਼ੁਰੂ ਕਰਵਾਇਆ | ਵਿਰੋਧੀ ਮੈਂਬਰਾਂ ਨੇ 'ਜਾਸੂਸੀ ਕਰਨਾ ਬੰਦ ਕਰੋ', 'ਖੇਲਾ ਹੋਬੇ' ਅਤੇ 'ਪ੍ਰਧਾਨ ਮੰਤਰੀ ਜਵਾਬ ਦਿਉ' ਦੇ ਨਾਹਰੇ ਲਗਾਏ |
ਵਿਰੋਧੀ ਧਿਰ ਦੇ ਰੌਲੇ ਵਿਚਾਲੇ ਹੀ ਖਾਧ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ, ਉਨ੍ਹਾਂ ਦੇ ਸਾਥੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਖੇਤੀ ਰਾਜ ਮੰਤਰੀ ਨਿਰੰਜਨ ਚੌਧਰੀ ਨੇ ਕੁੱਝ ਮੈਂਬਰਾਂ ਦੇ ਪੂਰਕ ਪ੍ਰਸ਼ਨਾਂ ਦੇ ਉੱਤਰ ਦਿਤੇ | ਇਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਮੰਤਰੀ ਪੀਯੂਸ਼ ਗੋਇਲ ਨੇ ਕਾਂਗਰਸ 
ਅਤੇ ਵਿਰੋਧੀ ਮੈਂਬਰਾਂ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਉਨ੍ਹਾਂ ਨੂੰ  'ਕਿਸਾਨ ਵਿਰੋਧੀ' ਕਰਾਰ ਦਿਤਾ ਅਤੇ ਕਿਹਾ ਕਿ ਵਿਰੋਧੀ ਚਰਚਾ ਨਹੀਂ ਚਾਹੁੰਦੇ |
ਦੂਜੇ ਪਾਸੇ ਰਾਜਸਭਾ ਵਿਚ ਵੀ ਪੇਗਾਸਸ ਤੇ ਖੇਤੀ ਕਾਨੂੰਨਾਂ ਸਹਿਤ ਹੋਰ ਮੁੱਦਿਆਂ 'ਤੇ ਵਿਰੋਧੀ ਮੈਂਬਰਾਂ ਦੇ ਰੌਲੇ ਕਾਰਨ ਕਾਰਵਾਈ ਰੁਕਦੀ ਰਹੀ ਅਤੇ 
ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਬੈਠਕ ਦੁਪਹਿਰ 2:40 'ਤੇ ਪੂਰੇ ਦਿਨ ਲਈ ਉਠਾ ਦਿਤੀ ਗਈ | ਦੋ ਵਾਰ ਮੁਲਤਵੀ ਹੋਣ ਤੋਂ ਬਾਅਦ ਉੱਚ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਸਦਨ ਵਿਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਿਹਾ | ਸਦਨ ਵਿਚ ਨਾਹਰੇਬਾਜ਼ੀ ਵਿਚਾਲੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿਵਾਲਾ ਅਤੇ ਸੋਧ ਬਿਲ 2021 ਚਰਚਾ ਲਈ ਰਖਿਆ | ਸਦਨ ਨੇ ਸੰਖੇਪ ਚਰਚਾ ਤੋਂ ਬਾਦਅ ਬਿਲ ਪਾਰ ਕਰ ਦਿਤਾ | ਉਪ ਸਭਾਪਤੀ ਹਰਿਵੰਸ਼ ਨੇ ਰੌਲਾ ਪਾ ਰਹੇ ਮੈਂਬਰਾਂ ਨੂੰ  ਸ਼ਾਂਤ ਹੋਣ ਅਤੇ ਪ੍ਰਸ਼ਨਕਾਲ ਚੱਲਣ ਦੇਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਇਹ ਸਮਾਂ ਮੈਂਬਰਾਂ ਦਾ ਹੈ | ਪਰ ਉਨ੍ਹਾਂ ਦੀ ਬੇਨਤੀ ਦਾ ਰੌਲਾ ਪਾ ਰਹੇ ਮੈਂਬਰਾਂ 'ਤੇ ਕੋਈ ਅਸਰ ਨਹੀਂ ਹੋਇਆ | ਰੌਲੇ ਵਿਚਾਲੇ ਹੀ ਕੇਂਦਰੀ ਮੰਤਰੀਆਂ ਨੇ ਅਪਣੇ ਅਪਣੇ ਮੰਤਰਾਲਿਆਂ ਨਾਲ ਸਬੰਧਤ ਪੁੱਛੇ ਗਏ ਸਵਾਲਾਂ ਦੇ ਜਵਾਬ ਦਿਤੇ, ਭਾਵੇਂਕਿ ਪੈ ਰਹੇ ਰੌਲੇ ਕਾਰਨ ਉਨ੍ਹਾਂ ਦੀ ਆਵਾਜ਼ ਵੀ ਸੁਣੀ ਨਹੀਂ ਜਾ ਰਹੀ ਸੀ | (ਪੀਟੀਆਈ)