ਮਾਣ ਵਾਲੀ ਗੱਲ: ਪੰਜਾਬ ਦੀ ਧੀ ਨੇ ਭਾਰਤੀ ਸੈਨਾ ‘ਚ ਲੈਫਟੀਨੈਂਟ ਬਣ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਰੜ ਦੀ ਰਹਿਣ ਵਾਲੀ ਹੈ ਜਸਪ੍ਰੀਤ ਕੌਰ

Jaspreet Kaur

 

ਖਰੜ: ਖਰੜ ਦੇ ਨਜਦੀਕ ਪਿੰਡ ਖਾਨਪੁਰ ਦੀ ਧੀ ਜਸਪ੍ਰੀਤ ਕੌਰ ਨੇ ਭਾਰਤੀ ਸੈਨਾ ਵਿਚ ਲੈਫਟੀਨੈਂਟ ਭਰਤੀ ਹੋ ਕੇ  ਪੰਜਾਬ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਉਸਦੇ ਮਾਪਿਆਂ ਅਤੇ ਪਿੰਡ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬੀਤੀ 30 ਜੁਲਾਈ ਨੂੰ ਚੇਨਈ ਵਿਚ ਹੋਈ ਪਾਸਿੰਗ ਆਊਟ ਪਰੇਡ ਵਿਚ ਜਸਪ੍ਰੀਤ ਕੌਰ ਦੇ ਮੋਢਿਆਂ ’ਤੇ ਲੈਫਟੀਨੈਂਟ ਦੇ ਸਟਾਰ ਉਸਦੇ ਮਾਤਾ ਕਰਮਜੀਤ ਕੌਰ ਤੇ ਪਿਤਾ ਇੰਦਰਜੀਤ ਸਿੰਘ ਨੇ ਲਗਾਏ। ਇਸ ਮੌਕੇ ਪਿੰਡ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਮਾਣ ਹੈ ਕਿ ਇੱਕ ਗਰੀਬ ਪਰਿਵਾਰ ਵਿਚੋਂ ਉਠ ਕੇ ਜਸਪ੍ਰੀਤ ਕੌਰ ਨੇ ਦੇਸ਼ ਵਿਚ ਵੱਡਾ ਸਥਾਨ ਪ੍ਰਾਪਤ ਕੀਤਾ ਹੈ।

 

 

ਜਸਪ੍ਰੀਤ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਨਾਨੀ ਕੇਸਰ ਕੌਰ ਨੂੰ ਦਿੰਦੀ ਹੈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਇਸ ਮੁਕਾਮ ਤੱਕ ਪਹੁੰਚੀ ਹੈ। ਜਸਪ੍ਰੀਤ ਕੌਰ ਆਪਣੇ ਨਾਨਕੇ ਪਿੰਡ ਖਾਨਪੁਰ ਵਿੱਚ ਪਰਿਵਾਰਕ ਮੈਂਬਰਾਂ ਨਾਲ ਰਹਿੰਦੀ ਹੈ। ਜਸਪ੍ਰੀਤ ਦੇ ਲੈਫਟੀਨੈਂਟ ਚੁਣੇ ਜਾਣ 'ਤੇ ਪਿੰਡ ਵਾਸੀ ਪਰਮਪ੍ਰੀਤ ਸਿੰਘ ਖਾਨਪੁਰ, ਕਮਲਦੀਪ ਸਿੰਘ ਸ਼ੇਰਗਿੱਲ, ਸਤਵੰਤ ਸਿੰਘ ਧਾਲੀਵਾਲ ਸਾਬਕਾ ਇੰਸਪੈਕਟਰ, ਸ਼ਰਨਜੀਤ ਸਿੰਘ, ਅਮਨਦੀਪ ਸਿੰਘ ਅਤੇ ਹੋਰ ਪਿੰਡ ਵਾਸੀ ਉਨ੍ਹਾਂ ਦੇ ਘਰ ਪੁੱਜੇ ਅਤੇ ਪਰਿਵਾਰ ਨੂੰ ਵਧਾਈ ਦਿੱਤੀ |

ਉਨ੍ਹਾ ਕਿਹਾ ਕਿ ਜਦੋਂ ਜਸਪ੍ਰੀਤ ਕੌਰ ਬਤੌਰ ਲੈਫਟੀਨੈਂਟ ਪਿੰਡ ਖਾਨਪੁਰ ਆਵੇਗੀ ਤਾਂ ਉਸ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ ਤਾਂ ਜੋ ਪਿੰਡ ਦੇ ਹੋਰ ਨੌਜਵਾਨ ਲੜਕੇ-ਲੜਕੀਆਂ ਇਸ ਤੋਂ ਪ੍ਰੇਰਨਾ ਲੈ ਸਕਣ।