ਵਿਜੀਲੈਂਸ ਬਿਊਰੋ ਵੱਲੋਂ ਜੇਈ ਮਨਰੇਗਾ 25,000 ਰੁਪਏ ਰਿਸ਼ਵਤ ਲੈਂਦੀ ਰੰਗੇ ਹੱਥੀਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ.........

Vigilance Bureau caught JE MNREGA red-handed taking Rs 25,000 bribe

 

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਲਾਈ ਮੁਹਿੰਮ ਦੌਰਾਨ ਵੀਰਵਾਰ ਨੂੰ ਬੀ.ਡੀ.ਪੀ.ਓ ਦਫਤਰ ਜਲਾਲਾਬਾਦ, ਫਾਜ਼ਿਲਕਾ ਵਿਖੇ ਤਾਇਨਾਤ ਸੁਵੱਰਸ਼ਾ, ਜੂਨੀਅਰ ਇੰਜੀਨੀਅਰ, ਮਹਾਤਮਾ ਗਾਂਧੀ ਨੈਸ਼ਨਲ ਪੇਂਡੂ ਰੋਜਗਾਰ ਗਾਰੰਟੀ ਕਾਨੂੰਨ (ਮਨਰੇਗਾ) ਨੂੰ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਜੂਨੀਅਰ ਇੰਜੀਨੀਅਰ (ਜੇ.ਈ.) ਮਨਰੇਗਾ ਨੂੰ ਸੁਖਜਿੰਦਰ ਸਿੰਘ ਵਾਸੀ ਪਿੰਡ ਚੱਕ ਰੋੜਾਂਵਾਲੀ (ਤੰਬੂਵਾਲਾ) ਜਲਾਲਾਬਾਦ ਦੀ ਸ਼ਿਕਾਇਤ ‘ਤੇ ਗਿ੍ਰਫਤਾਰ ਕੀਤਾ ਗਿਆ ਹੈ।           

ਹੋਰ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਵਿਖੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਨੇ ਹੋਰਾਂ ਨਾਲ ਮਿਲ ਕੇ ਆਪਣੇ ਪਿੰਡ ਚੱਕ ਰੋੜਾਂਵਾਲੀ ਵਿਖੇ ਪੰਚਾਇਤੀ ਜਮੀਨ ‘ਤੇ ਸਰਕਾਰੀ ਸਕੀਮ ਅਧੀਨ ਜੰਗਲ (ਪੌਦੇ) ਲਗਾਇਆ ਹੈ ਪਰ ਜੇਈ ਸੁਵਰਸਾ ਉਸ ਜਮੀਨ ਦੀ ਮਿਣਤੀ ਤੋਂ ਬਾਅਦ ਭੁਗਤਾਨ ਲਈ ਉਸ ਦਾ ਕੇਸ ਭੇਜਣ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਗੱਲਬਾਤ ਤੋਂ ਬਾਅਦ ਜੇਈ ਨੂੰ ਦੋ ਕਿਸ਼ਤਾਂ ਵਿੱਚ 45,000 ਰੁਪਏ ਦੇਣ ਲਈ ਸੌਦਾ ਤੈਅ ਹੋਇਆ ਹੈ।           

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਦਰਜ ਤੱਥਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜੇਈ ਸੁਵਰਸ਼ਾ ਨੂੰ ਸ਼ਿਕਾਇਤਕਰਤਾ ਤੋਂ ਪਹਿਲੀ ਕਿਸਤ ਵਜੋਂ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਮੁਕੱਦਮਾ ਨੰਬਰ 13 ਮਿਤੀ 04.08.2022 ਨੂੰ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਖੇ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।