MP ਜਸਬੀਰ ਡਿੰਪਾ ਨੇ ਲੋਕ ਸਭਾ 'ਚ ਵਿਆਹਾਂ ’ਚ ਹੁੰਦੇ ਫਜ਼ੂਲ ਖਰਚਿਆਂ ਦਾ ਚੁੱਕਿਆ ਮੁੱਦਾ, ਫਜ਼ੂਲ ਖਰਚਿਆਂ ਦੀ ਰੋਕਥਾਮ ਬਿੱਲ ਕੀਤਾ ਪੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਨੇ ਕਿਹਾ ਕਿ ਵਿਆਹ ਸਮਾਗਮਾਂ ਵਿਚ ਪਰੋਸਣ ਲਈ 10 ਤੋਂ ਵੱਧ ਪਕਵਾਨ ਨਹੀਂ ਹੋਣੇ ਚਾਹੀਦੇ

Jasbir Singh Gill

ਖਡੂਰ ਸਾਹਿਬ - ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਅੱਜ ਲੋਕ ਸਭਾ ਵਿਚ "ਵਿਸ਼ੇਸ਼ ਮੌਕਿਆਂ 'ਤੇ ਫਜ਼ੂਲ ਖਰਚਿਆਂ ਦੀ ਰੋਕਥਾਮ ਬਿੱਲ" ਪੇਸ਼ ਕੀਤਾ। ਇਸ ਬਿੱਲ ਵਿਚ ਉਹਨਾਂ ਨੇ ਇਹ ਮੰਗਾਂ ਰੱਖੀਆਂ ਕਿ ਬਾਰਾਤ ਵਿਚ 50 ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ ਤੇ ਬਰਾਤ ਵਿਚ ਆਏ ਲੋਕਾਂ ਨੂੰ ਪਰੋਸਣ ਲਈ 10 ਤੋਂ ਵੱਧ ਪਕਵਾਨ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਵਿਆਹ ਵੇਲੇ ਸ਼ਗਨ ਜਾਂ ਤੋਹਫ਼ੇ ਵਿਚ 2500 ਰੁਪਏ ਤੋਂ ਵੱਧ ਨਹੀਂ ਦੇਣੇ ਚਾਹੀਦੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਨਾਲ ਲਿੰਗ ਅਨੁਪਾਤ ਨੂੰ ਸੁਧਾਰਨ ਵਿਚ ਮਦਦ ਮਿਲੇਗੀ। ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਵਿਚ ਭਰੂਣ ਹੱਤਿਆ ਦਾ ਮੁੱਦਾ ਵੀ ਚੁੱਕਿਆ। 

ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਇਸ ਬਿੱਲ ਦੀ ਲੋੜ ਪੂਰੇ ਦੇਸ਼ ਨੂੰ ਹੈ ਪਰ ਜ਼ਿਆਦਾ ਲੋੜ ਪੰਜਾਬ ਨੂੰ ਹੈ ਕਿਉਂਕਿ ਪੰਜਾਬ ਵਿਚ ਪੂਰੇ ਜ਼ੋਰਾਂ ਸ਼ੋਰਾਂ ਨਾਲ ਵਿਆਹ ਕਰਨ ਦਾ ਰਿਵਾਜ਼ ਪੰਜਾਬ ਵਿਚ ਮਸ਼ਹੂਰ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਮਾਪੇ ਅਪਣੀ ਪੂਰੀ ਜ਼ਿੰਦਗੀ ਦੀ ਕਮਾਈ ਧੀ ਦਾ ਵਿਆਹ ਕਰਨ ਵਿਚ ਲਗਾ ਦਿੰਦੇ ਹਨ, ਮਾਪੇ ਅਪਣੀਆਂ ਜ਼ਮੀਨਾਂ ਵੇਚ ਦਿੰਦੇ ਹਨ ਤੇ ਫਿਰ ਜਾ ਕੇ ਕਿਤੇ ਧੀ ਲਈ ਦਾਜ ਜੋੜਦੇ ਹਨ। 

ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਗੱਲ ਦੀ ਸ਼ੁਰੂਆਤ ਅਪਣੇ ਆਪ ਤੋਂ ਕੀਤੀ ਹੈ ਤੇ ਉਹਨਾਂ ਨੇ ਅਪਣੇ ਬੱਚਿਆਂ ਦੇ ਵਿਆਹ ਵੀ 50 ਬੰਦਿਆਂ ਨਾਲ ਕੀਤੇ ਹਨ। 
ਉਹਨਾਂ ਨੇ ਕਿਹਾ ਕਿ ਇਸ ਬਿੱਲ ਵਿਚ ਫਜ਼ੂਲ ਖਰਚ ਨੂੰ ਬਚਾਉਣ ਵਾਲੀਆਂ ਉਹ ਸਾਰੀਆਂ ਹਦਾਇਤਾਂ ਹਨ। ਜਸਬੀਰ ਡਿੰਪਾ ਨੇ ਕਿਹਾ ਕਿ ਇਸ ਬਿੱਲ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਖਰਚਾ ਕਰਨਾ ਹੀ ਹੈ ਤਾਂ ਉਹ ਵਿਆਹ ਵਾਲਾ ਪੈਸਾ ਜੋ ਫਾਲਤੂ ਖਰਚਣਾ ਸੀ ਉਸ ਨੂੰ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਲਈ ਲਗਾਇਆ ਜਾਵੇ। ਉਹਨਾਂ ਨੇ ਕਿਹਾ ਕਿ ਜੇ ਇਹ ਬਿੱਲ ਪਾਸ ਹੁੰਦਾ ਹੈ ਤਾਂ ਲੋਕਾਂ ਦੇ ਫਜ਼ੂਲ ਖਰਚਿਆਂ ਤੇ ਰੋਕ ਲੱਗੇਗੀ ਤੇ ਲੋਕਾਂ ਵਿਚ ਕਾਫ਼ੀ ਸੁਧਾਰ ਆਵੇਗੀ ਤੇ ਕਈਆਂ ਦੀ ਜ਼ਿੰਦਗੀ ਸੁਧੜ ਜਾਵੇਗੀ।