ਬਟਾਲਾ ਹਾਦਸਾ: ''ਮੈਨੂੰ ਲਾਸ਼ਾਂ ਕੱਢਦੇ ਨੂੰ ਪਤਾ ਚੱਲਿਆਂ ਮੇਰਾ ਪਰਿਵਾਰ ਵੀ ਹਾਦਸੇ ਦਾ ਸ਼ਿਕਾਰ ਹੈ''

ਏਜੰਸੀ

ਖ਼ਬਰਾਂ, ਪੰਜਾਬ

4 ਸਤੰਬਰ ਦਾ ਦਿਨ ਬਟਾਲਾ ਲਈ ਉਹ ਦਿਨ ਹੈ, ਜੋ ਬਟਾਲਾ ਵਾਸੀ ਸ਼ਾਇਦ ਕਦੇ ਨਹੀਂ ਭੁਲਾ ਸਕਦੇ।

Batala Factory Blast

ਬਟਾਲਾ - 4 ਸਤੰਬਰ ਦਾ ਦਿਨ ਬਟਾਲਾ ਲਈ ਉਹ ਦਿਨ ਹੈ, ਜੋ ਬਟਾਲਾ ਵਾਸੀ ਸ਼ਾਇਦ ਕਦੇ ਨਹੀਂ ਭੁਲਾ ਸਕਦੇ। 4 ਸਤੰਬਰ 2019 ਨੂੰ ਬਟਾਲਾ ਵਿਚ ਇੱਕ ਪਟਾਕਾ ਫੈਕਟਰੀ ਵਿਚ ਦਰਦਨਾਕ ਹਾਦਸਾ ਹੋਇਆ ਸੀ ਅਤੇ 20 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਦੇਣੀ ਪਈ ਸੀ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਸਨ। ਸਰਕਾਰ ਨੇ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀ।

ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਇਕ ਹਾਦਸਾ ਪੀੜਤ ਨੇ ਦੱਸਿਆ ਕਿ ਅੱਜ ਦੇ ਦਿਨ ਉਸ ਦੀ ਪੂਰੀ ਦੁਨੀਆਂ ਹੀ ਉਜੜ ਗਈ ਸੀ ਕਿਉਂਕਿ ਇਸ ਦਿਨ ਉਸ ਦੀ ਪਤਨੀ ਅਤੇ ਉਸ ਦਾ 4 ਸਾਲ ਦਾ ਬੱਚਾ ਇਸ ਹਾਦਸੇ ਵਿਚ ਮਾਰਿਆ ਗਿਆ ਸੀ। ਉਹਨਾਂ ਨੇ ਦੱਸਿਆਂ ਕਿ ਦੋਨੋਂ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸਨ ਤੇ ਉਹ ਵੀ ਉੱਥੇ ਹੀ ਸੇਵਾ ਕਰ ਰਿਹਾ ਸੀ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸੀ।

ਉਸ ਨੇ ਦੱਸਿਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਫੈਕਟਰੀ ਵਿਚ ਬਲਾਸਟ ਹੋ ਗਿਆ ਸੀ ਤੇ ਉਸ ਨੇ ਵੀ ਉੱਥੇ ਪਈਆਂ ਲਾਸ਼ਾ ਨੂੰ ਦੂਸਰੇ ਲੋਕਾਂ ਨਾਲ ਮਿਲ ਕੇ ਕੱਢਣਾ ਸ਼ੁਰੂ ਕਰ ਦਿੱਤਾ। ਲੋਕਾਂ ਦੀਆਂ ਲਾਸ਼ਾਂ ਕੱਢਦੇ ਹੀ ਉਸ ਨੂੰ ਪਤਾ ਚੱਲਿਆਂ ਕਿ ਉਸ ਦੀ ਪਤਨੀ ਅਤੇ ਬੱਚਾ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

ਹਾਦਸਾ ਪੀੜਤ ਨੇ ਕਿਹਾ ਕਿ ਉਹਨਾਂ ਨੂੰ 2 ਲੱਖ ਦਾ ਮੁਆਵਜ਼ਾ ਮਿਲਿਆ ਹੈ ਤੇ ਤ੍ਰਿਪਤ ਰਜਿਦਰ ਬਾਜਵਾ ਨੇ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ। ਗੱਲਬਾਤ ਕਰਦਿਆਂ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਹਨਾਂ ਦੇ ਪਰਿਵਾਰ ਦੇ ਕਰੀਬ 10 ਲੋਕ ਮਾਰੇ ਗਏ ਸਨ। ਉਹਨਾਂ ਨੇ ਦੱਸਿਆਂ ਕਿ ਇਹ ਫੈਕਟਰੀ ਉਹਨਾਂ ਦੀ ਆਪਣੀ ਸੀ ਉਹਨਾਂ ਦੇ ਬੱਚੇ ਅਤੇ ਪੂਰਾ ਪਰਿਵਾਰ ਇਸ ਹਾਦਸੇ ਵਿਚ ਮਾਰਿਆ ਗਿਆ।

ਮਾਲਕ ਨੇ ਦੱਸਿਆ ਕਿ ਹੁਣ ਉਹਨਾਂ ਦੇ ਪਰਿਵਾਰ ਦਾ ਇਕ ਵੀ ਮਰਦ ਨਹੀਂ ਬਚਿਆ ਜੋ ਕੰਮ ਕਰ ਕੇ ਘਰ ਦਾ ਗੁਜ਼ਾਰਾ ਕਰ ਸਕੇ, ਸਿਰਫ਼ ਔਰਤਾਂ ਅਤੇ ਬੱਚੇ ਹੀ ਹਨ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੀ ਚੱਲਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਮਦਦ ਕਰ ਦਿੰਦਾ ਹੈ ਤਾਂ ਥੋੜ੍ਹਾ ਗੁਜ਼ਾਰਾ ਹੋ ਜਾਂਦਾ ਪਰ ਉਹਨਾਂ ਕੋਲ ਕੋਈ ਖ਼ਾਸ ਕੰਮ ਨਹੀਂ ਹੈ। ਮਾਲਕ ਨੇ ਕਿਹਾ ਫੈਕਟਰੀ ਵਾਲੀ ਜਗ੍ਹਾ ਹੁਣ ਖਾਲੀ ਪਈ ਹੈ ਤੇ ਉਹਨਾਂ ਨੇ ਕਈ ਵਾਰ ਉੱਥੇ ਆਪਣਾ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸਾਸ਼ਨ ਹਰ ਵਾਰ ਉਹਨਾਂ ਨੂੰ ਰੋਕ ਦਿੰਦਾ ਹੈ।