ਡਾ. ਓਬਰਾਏ ਨੇ ਫੜੀ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਂਹ, ਹਰ ਪਰਿਵਾਰ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ
ਇਸ ਤਹਿਤ 11 ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਤਹਿਤ ਚੈੱਕ ਦਿੱਤੇ ਗਏ ਹਨ
ਚੰਡੀਗੜ੍ਹ: ਮਸ਼ਹੂਰ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਲੱਦਾਖ਼ ਦੀ ਗਲਵਾਨ ਘਾਟੀ ਵਿਖੇ ਚੀਨੀ ਫੌਜ ਨਾਲ ਲੜਦਿਆਂ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ ਨੇ ਸ਼ਹੀਦ ਹੋਣ ਵਾਲੇ 20 ਭਾਰਤੀ ਫੌਜੀਆਂ ਦੇ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ।
ਇਸ ਤਹਿਤ 11 ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਤਹਿਤ ਚੈੱਕ ਦਿੱਤੇ ਗਏ ਹਨ। ਅਗਲੇ ਮਹੀਨੇ ਤੋਂ ਇਹ ਪੈਨਸ਼ਨ ਸਿੱਧੀ ਪਰਿਵਾਰਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਵੇਗੀ। ਇਸਦੇ ਨਾਲ ਹੀ ਬਾਕੀ ਰਹਿੰਦੇ ਨੌਂ ਪਰਿਵਾਰਾਂ ਨੂੰ ਵੀ ਜਲਦ ਹੀ ਇਹ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ।
ਉੱਘੇ ਕਾਰੋਬਾਰੀ ਤੇ 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਮੁਖੀ ਓਬਰਾਏ ਨੇ ਦੱਸਿਆ ਕਿ 11 ਸ਼ਹੀਦਾਂ 'ਚ ਪੰਜਾਬ ਤੋਂ ਗੁਰਦਾਸਪੁਰ ਦੇ ਸਤਨਾਮ ਸਿੰਘ, ਪਟਿਆਲਾ ਦੇ ਮਨਦੀਪ ਸਿੰਘ, ਮਾਨਸਾ ਦੇ ਗੁਰਤੇਜ ਸਿੰਘ, ਸੰਗਰੂਰ ਦੇ ਗੁਰਵਿੰਦਰ ਸਿੰਘ, ਜੰਮੂ-ਕਸ਼ਮੀਰ ਦੇ ਅਬਦੁਲ, ਹਿਮਾਚਲ ਦੇ ਅੰਕੁਸ਼ ਠਾਕੁਰ, ਉਤਰਾਖੰਡ ਦੇ ਚਤਰੀਸ਼ ਬਿਸ਼ਟ, ਬਿਹਾਰ ਦੇ ਰਾਹੁਲ ਰੇਨਸਵਾਲ, ਛੱਤੀਸਗੜ੍ਹ ਦੇ ਗਣੇਸ਼ ਰਾਮ ਕੁੰਜਮ,
ਯੂ. ਪੀ. ਦੇ ਮਹੇਸ਼ ਕੁਮਾਰ ਅਤੇ ਵਾਰਾਨਸੀ (ਯੂ. ਪੀ.) ਦੇ ਰਮੇਸ਼ ਯਾਦਵ ਦੇ ਪਰਿਵਾਰ ਸ਼ਾਮਲ ਹਨ। ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਸ੍ਰੀ ਨਗਰ ਦੇ ਜਵਾਨ ਅਬਦੁਲ ਜੋ ਕਿ ਗਲਵਾਨ ਘਾਟੀ 'ਚ ਸ਼ਹੀਦ ਹੋ ਗਏ ਸਨ, ਉਹਨਾਂ ਦੀ ਦੋ ਸਾਲ ਦੀ ਬੇਟੀ ਨੂੰ ਗੋਦ ਲੈ ਕੇ ਉਸ ਦੇ ਪਾਲਣ-ਪੋਸ਼ਣ ਦੇ ਹੁਣ ਤੋਂ ਲੈ ਕੇ ਪੜ੍ਹਾਈ ਅਤੇ ਵਿਆਹ ਤੱਕ ਦੇ ਸਾਰੇ ਖ਼ਰਚਿਆਂ ਦਾ ਜ਼ਿੰਮਾ 'ਸਰਬੱਤ ਦਾ ਭਲਾ' ਟਰੱਸਟ ਵਲੋਂ ਚੁੱਕਿਆ ਜਾਵੇਗਾ।