ਲੁਧਿਆਣਾ ਦੇ ਰਾਏਕੋਟ 'ਚ ਵੀ ਲਹਿਰਾਇਆ ਖਾਲਿਸਤਾਨੀ ਝੰਡਾ, ਪੁਲਿਸ ਨੇ ਸ਼ੁਰੂ ਕੀਤੀ ਜਾਂਚ!

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ 9 ਦਿਨਾਂ ਦੌਰਾਨ ਵਾਪਰ ਚੁੱਕੀਆਂ ਨੇ 4 ਘਟਨਾਵਾਂ

Khalistani Flag

ਲੁਧਿਆਣਾ : ਪੰਜਾਬ 'ਚ ਅਣਪਛਾਤਿਆਂ ਵਲੋਂ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਇਕ ਹੋਰ ਘਟਨਾ ਵਾਪਰੀ ਹੈ। ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਤਹਿਸੀਲ ਤੇ ਸਿਵਲ ਹਸਪਤਾਲ ਵਿਚ ਬਣੀ ਪਾਣੀ ਦੀ ਟੈਂਕੀ ਸਾਹਮਣੇ ਅਣਪਛਾਤੇ ਵਿਅਕਤੀਆਂ ਨੇ ਖਾਲਿਸਤਾਨੀ ਝੰਡਾ ਲਹਿਰਾਇਆ ਹੈ।

ਸ਼ਰਾਰਤੀ ਅਨਸਰਾਂ ਨੇ ਇਸ ਘਟਨਾ ਨੂੰ ਰਾਤ ਸਮੇਂ ਨੇਪਰੇ ਚਾੜਿਆ ਜਿਸ 'ਤੇ ਸਵੇਰੇ ਉਥੋਂ ਲੰਘ ਰਹੇ ਲੋਕਾਂ ਦੀ ਨਜ਼ਰ ਪਈ। ਰਾਹਗੀਰਾਂ ਨੇ ਇਸ ਸਬੰਧੀ ਪੁਲਿਸ ਨੂ ੰਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਝੰਡਾ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਮੋਗਾ ਵਿਖੇ ਵੀ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਡੀਸੀ ਦਫ਼ਤਰ ਦੀ ਛੱਤ 'ਤੇ ਸ਼ਰਾਰਤੀ ਅਨਸਰਾਂ ਨੇ ਖਾਲਿਸਤਾਨੀ ਝੰਡਾ ਲਹਿਰਾ ਦਿਤਾ ਸੀ। ਇਸ ਮਾਮਲੇ 'ਚ ਸ਼ਾਮਲ ਕੁੱਝ ਲੋਕਾਂ ਨੂੰ ਪੁਲਿਸ ਨੇ ਬਾਅਦ 'ਚ ਹਿਰਾਸਤ 'ਚ ਲੈ ਲਿਆ ਸੀ।

ਮੋਗਾ 'ਚ ਵਾਪਰੀ ਪਹਿਲੀ ਘਟਨਾ ਤੋਂ ਬਾਅਦ ਪੰਜਾਬ ਅੰਦਰ ਕਈ ਥਾਈ ਕੇਸਰੀ ਰੰਗ ਦਾ ਝੰਡਾ ਲਹਿਰਾਉਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਨੌ ਦਿਨਾਂ ਦੌਰਾਨ ਇਹ ਅਜਿਹੀ ਚੌਥੀ ਘਟਨਾ ਹੈ। ਪੰਜਾਬ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪਿੱਛੇ ਸ਼ਰਾਰਤੀ ਅਨਸਰਾਂ ਦਾ ਹੱਥ ਹੋਣਾ ਵੀ ਮੰਨਿਆ ਜਾ ਰਿਹਾ ਹੈ। ਫ਼ਿਲਹਾਲ ਪੁਲਿਸ ਵਲੋਂ ਅਜਿਹੀਆਂ ਘਟਨਾਵਾਂ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।