ਕਰਜ਼ਾਮਾਫ਼ੀਤੇਹੋਰਮੰਗਾਂ ਲਈ ਵਿਧਾਨ ਸਭਾਸੈਸ਼ਨ ਮੌਕੇਮਜ਼ਦੂਰਾਂ ਨੇਪੰਜਾਬਭਰ ਵਿਚਕੀਤੇਰੋਹਭਰਪੂਰਮੁਜ਼ਾਹਰੇ

ਏਜੰਸੀ

ਖ਼ਬਰਾਂ, ਪੰਜਾਬ

ਕਰਜ਼ਾ ਮਾਫ਼ੀ ਤੇ ਹੋਰ ਮੰਗਾਂ ਲਈ ਵਿਧਾਨ ਸਭਾ ਸੈਸ਼ਨ ਮੌਕੇ ਮਜ਼ਦੂਰਾਂ ਨੇ ਪੰਜਾਬ ਭਰ ਵਿਚ ਕੀਤੇ ਰੋਹ ਭਰਪੂਰ ਮੁਜ਼ਾਹਰੇ

image

13 ਸਤੰਬਰ ਨੂੰ  ਮੋਤੀ ਮਹਿਲ ਦੇ ਘਿਰਾਉ ਦਾ ਕੀਤਾ ਐਲਾਨ

ਚੰਡੀਗੜ੍ਹ, 3 ਸਤੰਬਰ (ਸ.ਸ.ਸ.): ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪੰਜਾਬ ਦੀ ਕਾਂਗਰਸ ਸਰਕਾਰ ਉਤੇ ਦਲਿਤਾਂ, ਮਜ਼ਦੂਰਾਂ  ਦੇ ਹੱਕੀ ਮਸਲਿਆਂ ਪ੍ਰਤੀ  ਸੰਜੀਦਾ ਨਾ ਹੋਣ ਦੇ ਦੋਸ਼ ਲਾਉਂਦਿਆਂ ਅੱਜ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਰ੍ਹਦੇ ਮੀਂਹ ਦੇ ਬਾਵਜੂਦ 5 ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਇਲਾਵਾ ਸੈਂਕੜੇ ਪਿੰਡਾਂ ਤੇ ਕਸਬਿਆਂ ਵਿਚ ਰੋਹ ਭਰਪੂਰ ਮੁਜ਼ਾਹਰੇ ਕੀਤੇ ਗਏ ਅਤੇ 13 ਸਤੰਬਰ ਨੂੰ  ਪਟਿਆਲਾ ਵਿਖੇ ਮੁੱਖ ਮੰਤਰੀ ਦੇ ਮੋਤੀ ਮਹਿਲ ਦੇ ਘਿਰਾਉ ਦਾ ਐਲਾਨ ਕੀਤਾ ਗਿਆ | 
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ  ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸੋਰ ਨੇ ਪ੍ਰੈੱਸ ਨੂੰ  ਲਿਖਤੀ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦਸਿਆ ਕਿ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਮਜ਼ਦੂਰਾਂ ਦੀ ਕਰਜ਼ਾ ਮਾਫ਼ੀ, ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਬਿਜਲੀ ਬਿਲ ਤੇ ਬਕਾਏ ਖ਼ਤਮ ਕਰਨ, ਰੁਜ਼ਗਾਰ ਗਰੰਟੀ, ਜ਼ਮੀਨਾਂ ਦੀ ਕਾਣੀ ਵੰਡ ਖ਼ਤਮ ਕਰਨ ਅਤੇ ਦਲਿਤਾਂ 'ਤੇ ਜਬਰ ਬੰਦ ਕਰਨ ਆਦਿ ਮੁੱਦਿਆਂ ਨੂੰ  ਲੈ ਕੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਬਠਿੰਡਾ, ਫ਼ਰੀਦਕੋਟ, ਬਰਨਾਲਾ, ਜਲੰਧਰ ਤੇ ਨਵਾਂਸ਼ਹਿਰ ਤੋਂ ਇਲਾਵਾ ਰਾਮਪੁਰਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਅਜੀਤਵਾਲ, ਮਹਿਲ ਕਲਾਂ, ਭਿੱਖੀਵਿੰਡ, ਬਲਾਚੌਰ, ਤਪਾ, ਦਸੂਹਾ, ਧਨੌਲਾ, ਚੰਨੋ, ਮਹਿਲ ਕਲਾਂ, ਲੋਹੀਆਂ, ਨੂਰਮਹਿਲ, ਕਰਤਾਰਪੁਰ, ਬਾਬਾ ਬਕਾਲਾ, ਕੋਟਕਪੂਰਾ, ਧਾਰੀਵਾਲ, ਬਟਾਲਾ, ਅਬੋਹਰ ਤੇ ਬੋਹਾ ਸਮੇਤ 16 ਜ਼ਿਲਿ੍ਹਆਂ ਦੇ ਸੈਂਕੜੇ ਪਿੰਡਾਂ ਵਿਚ ਰੋਸ ਮੁਜ਼ਾਹਰੇ ਕੀਤੇ ਗਏ | ਅੱਜ ਦੇ ਰੋਸ ਮੁਜ਼ਾਹਰਿਆਂ ਨੂੰ   ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਸਮਾਉ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਬਲੀ ਅਟਵਾਲ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ , ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ |
ਉਨ੍ਹਾਂ ਦੋਸ਼ ਲਾਇਆ ਕਿ 25 ਅਗੱਸਤ ਨੂੰ  ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਮਜ਼ਦੂਰ ਆਗੂਆਂ ਨਾਲ ਮੀਟਿੰਗ ਦੌਰਾਨ ਮਜ਼ਦੂਰਾਂ ਦੇ ਪੁੱਟੇ ਮੀਟਰ ਬਿਨਾਂ ਸ਼ਰਤ ਤੁਰਤ ਜੋੜਨ ਅਤੇ ਮਜ਼ਦੂਰਾਂ ਦੇ ਕੱਟੇ ਹੋਏ ਆਟਾ ਦਾਲ ਦੇ ਕਾਰਡ ਬਹਾਲ ਕਰਨ, ਨਵੇਂ ਕਾਰਡ ਬਣਾਉਣ ਦਾ ਜੋ ਫ਼ੈਸਲਾ ਕੀਤਾ ਗਿਆ ਸੀ, ਉਸ ਨੂੰ  ਵੀ ਅਜੇ ਤਕ ਲਾਗੂ ਨਹੀਂ ਕੀਤਾ ਗਿਆ ਅਤੇ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਕਰ ਕੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਨੂੰ  ਰੱਦ ਕਰਨ ਦਾ ਮਤਾ ਪਾਸ ਕਰਨ ਤੋਂ ਵੀ ਕੈਪਟਨ ਸਰਕਾਰ ਟਾਲਾ ਵੱਟ ਗਈ ਹੈ | ਬੁਲਾਰਿਆਂ ਨੇ ਮੰਗ ਕੀਤੀ ਕਿ ਮਾਈਕਰੋਫ਼ਾਈਨਾਸ ਕੰਪਨੀਆਂ, ਸਹਿਕਾਰੀ ਸਭਾਵਾਂ ਸਮੇਤ ਮਜ਼ਦੂਰਾਂ ਤੇ ਗ਼ਰੀਬ ਕਿਸਾਨਾਂ ਦੇ ਸਮੁੱਚੇ ਕਰਜ਼ੇ ਮਾਫ਼ ਕੀਤੇ ਜਾਣ, ਬੇਘਰਿਆਂ ਤੇ ਲੋੜਵੰਦਾਂ ਨੂੰ  ਪਲਾਟ ਤੇ ਗਰਾਂਟ ਦਿਤੀ ਜਾਵੇ, ਮਜ਼ਦੂਰਾਂ ਦੇ ਸਾਲ ਭਰ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ |
 ਅਤੇ ਮਨਰੇਗਾ ਦੀ ਦਿਹਾੜੀ 600 ਰੁਪਏ ਕਰ ਕੇ ਸਾਰੇ ਬਾਲਗਾਂ ਨੂੰ  ਸਾਲ ਭਰ ਦਾ ਕੰਮ ਦਿਤਾ ਜਾਵੇ ਅਤੇ ਬੁਢਾਪਾ ਪੈਨਸ਼ਨ ਦੀ ਉਮਰ ਹੱਦ ਔਰਤਾਂ ਲਈ 55 ਸਾਲ ਅਤੇੇ ਮਰਦਾਂ ਲਈ 58 ਸਾਲ ਕੀਤੀ ਜਾਵੇ | ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਉਹ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰੱਖਣਗੇ ਅਤੇ 13 ਸਤੰਬਰ ਨੂੰ  ਪਟਿਆਲਾ ਵਿਖੇ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਹਜ਼ਾਰਾਂ ਮਜ਼ਦੂਰ ਮਰਦ-ਔਰਤਾਂ ਵਲੋਂ ਘਿਰਾਉ ਕੀਤਾ ਜਾਵੇਗਾ | 

ਫੋਟੋ ਕੈਪਸਨ 1 ਬਠਿੰਡਾ ਵਿਖੇ ਭਾਰੀ ਮੀਂਹ ਵਿਚ ਮੁਜ਼ਾਹਰਾ ਕਰਦੇ ਮਜ਼ਦੂਰ |

2. ਜਲੰਧਰ ਵਿਖੇ ਰੋਸ ਮੁਜ਼ਾਹਰਾ ਕਰਦੇ ਮਜ਼ਦੂਰ |
3. ਨਵਾਂਸ਼ਹਿਰ ਵਿਖੇ ਰੋਸ ਮੁਜ਼ਾਹਰੇ ਤੋਂ ਪਹਿਲਾਂ ਮਜ਼ਦੂਰ ਰੈਲੀ ਦਾ ਦਿ੍ਸ਼ |