ਪੰਜਾਬ ਵਿਧਾਨ ਸਭਾ ਨੇ ਕਿਸਾਨ ਮੋਰਚੇ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ  ਦਿਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਨੇ ਕਿਸਾਨ ਮੋਰਚੇ ਵਿਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ  ਦਿਤੀ ਸ਼ਰਧਾਂਜਲੀ

image

ਚੰਡੀਗੜ੍ਹ, 3 ਸਤੰਬਰ (ਨਰਿੰਦਰ ਸਿੰਘ): ਪੰਜਾਬ ਵਿਧਾਨ ਸਭਾ ਦੇ ਅੱਜ ਹੋਏ ਇਕ ਦਿਨ ਦੇ ਵਿਸ਼ੇਸ਼ ਮੌਨਸੂਨ ਸੈਸ਼ਨ ਵਿਚ ਪਿਛਲੇ ਸਮੇਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ  ਜਿਥੇ ਸ਼ਰਧਾਂਜਲੀ ਦਿਤੀ ਗਈ, ਉਥੇ ਦਿੱਲੀ ਦੀਆਂ ਹੱਦਾਂ ਉਪਰ ਚਲ ਰਹੇ ਕਿਸਾਨ ਮੋਰਚੇ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਕੁਰਬਾਨੀ ਨੂੰ  ਪ੍ਰਵਾਨ ਕਰਦਿਆਂ ਉਨ੍ਹਾਂ ਨੂੰ  ਵੀ ਸਦਨ ਵਿਚ 2 ਮਿੰਟ ਮੌਨ ਖੜੇ ਹੋ ਕੇ ਸ਼ਰਧਾਂਜਲੀ ਦਿਤੀ ਗਈ | ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਪੇਸ਼ ਸ਼ੋਕ ਮਤੇ ਵਿਚ ਸੋਧ ਕਰਵਾਉਂਦਿਆਂ ਕਾਂਗਰਸ ਦੇ ਰਣਦੀਪ ਸਿੰਘ ਨਾਭਾ ਨੇ ਇਹ ਸੁਝਾਅ ਰਖਿਆ ਸੀ | ਇਸ ਦਾ ਆਮ ਆਦਮੀ ਪਾਰਟੀ ਦੀ ਪ੍ਰੋ. ਬਲਜਿੰਦਰ ਕੌਰ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਸਮਰਥਨ ਕੀਤਾ ਸੀ | ਰਾਣਾ ਸੋਢੀ ਦੇ ਸੁਝਾਅ ਉਪਰ ਕ੍ਰਿਕਟਰ ਯਸ਼ਪਾਲ ਸ਼ਰਮਾ ਤੇ ਨਿਰਮਲ, ਮਿਲਖਾ ਸਿੰਘ ਦੇ ਨਾਂ ਵੀ ਸ਼ੋਕ ਮਤੇ ਵਿਚ ਵੀ ਸ਼ਾਮਲ ਕਰ ਲਏ ਗਏ |  ਕੇਂਦਰੀ ਰਾਜ ਮੰਤਰੀ ਆਰ.ਐਲ. ਭਾਟੀਆ, ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ, ਗੁਲਜ਼ਾਰ ਸਿੰਘ, ਸੁਰਜੀਤ ਕੌਰ ਕਾਲਕਟ, ਚੌਧਰੀ ਰਾਧਾ ਕਿ੍ਸ਼ਨ ਅਤੇ ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਮੁੱਖ ਸੰਸਦੀ ਮੈਂਬਰ ਜਗਦੀਸ਼ ਸਾਹਨੀ ਤੋਂ ਇਲਾਵਾ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਅਤੇ ਜਗਰਾਜ ਸਿੰਘ ਗਿੱਲ ਨੂੰ  ਸ਼ਰਧਾਂਜਲੀ ਭੇਟ ਕੀਤੀ | ਸਦਨ ਨੇ ਸ਼ਹੀਦ ਸਿਪਾਹੀ ਪ੍ਰਭਜੀਤ ਸਿੰਘ ਨੂੰ  ਸ਼ਰਧਾਂਜਲੀ ਭੇਟ ਕੀਤੀ | ਇਸੇ ਦੌਰਾਨ ਆਜ਼ਾਦੀ ਘੁਲਾਟੀਏ ਕਾਲਾ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ ਅਤੇ ਸੁਲੱਖਣ ਸਿੰਘ ਨੂੰ  ਵੀ ਸ਼ਰਧਾਂਜਲੀ ਦਿਤੀ ਗਈ | ਸਦਨ ਨੇ ਪ੍ਰਸਿੱਧ ਖੇਡ ਹਸਤੀਆਂ ਮਿਲਖਾ ਸਿੰਘ ਅਤੇ ਮਾਨ ਕੌਰ (ਦੋਵੇਂ ਅਥਲੀਟ) ਨੂੰ  ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | 
ਸਦਨ ਨੇ ਸੂਬੇ ਦੇ ਸਾਬਕਾ ਮੁੱਖ ਸਕੱਤਰ ਵਾਈ.ਐਸ. ਰੱਤੜਾ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਇਜ਼ਹਾਰ ਆਲਮ ਨੂੰ  ਵੀ ਯਾਦ ਕੀਤਾ | ਸਦਨ ਨੇ ਸੈਂਟਰ ਆਫ਼ ਰਿਸਰਚ ਔਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿੱਡ) ਦੇ ਸੰਸਥਾਪਕ ਰਸ਼ਪਾਲ ਮਲਹੋਤਰਾ ਨੂੰ  ਵੀ ਸ਼ਰਧਾ ਦੇ ਫੁੱਲ ਭੇਟ ਕੀਤੇ | ਸਦਨ ਨੇ ਮਹਿੰਦਰ ਕੌਰ (ਕੈਬਨਿਟ ਰੈਂਕ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਢੋਸ ਨੂੰ  ਵੀ ਸ਼ਰਧਾਂਜਲੀ ਦਿਤੀ | ਇਸ ਨਾਲ ਹੀ ਨਾਭਾ ਤੋਂ ਵਿਧਾਇਕ ਰਣਦੀਪ ਸਿੰਘ ਨੇ ਸ਼ਹੀਦ ਗੁਰਜੰਟ ਸਿੰਘ ਦਾ ਨਾਮ, ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਨੇ ਸ਼ਹੀਦ ਸਬ-ਇੰਸਪੈਕਟਰ ਗੁਰਮੁਖ ਸਿੰਘ ਅਤੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਨੇ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਦੇ ਨਾਮ ਸ਼ਰਧਾਂਜਲੀ ਸੂਚੀ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਰਖਿਆ | 
ਡੱਬੀ

ਅਕਾਲੀਆਂ ਦੇ ਸ਼ੋਰ ਸ਼ਰਾਬੇ ਦੌਰਾਨ ਸੈਸ਼ਨ ਅਣਮਿਥੇ ਸਮੇਂ ਲਈ ਉਠਾਇਆ
ਇਸੇ ਦੌਰਾਨ ਅੱਜ ਸੈਸ਼ਨ ਦੇ ਅੰਤ ਵਿਚ ਕਾਰਜ ਸਲਾਹਕਾਰ ਕਮੇਟੀ ਦੀ ਰੀਪੋਰਟ ਰੱਖੀ ਅਤੇ ਇਸੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਨੂੰ  ਅਣਮਿਥੇ ਸਮੇਂ ਲਈ ਉਠਾਉਣ ਬਾਰੇ ਨਿਯਮ 16 ਅਧੀਨ ਪ੍ਰਸਤਾਵ ਪੇਸ਼ ਕੀਤਾ | ਇਸ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸੈਸ਼ਨ ਨੂੰ  ਅਣਮਿਥੇ ਸਮੇਂ ਲਈ ਉਠਾਉੁਣ ਦਾ ਵਿਰੋਧ ਕੀਤਾ | ਉਨ੍ਹਾਂ ਨਵਜੋਤ ਸਿੱਧੂ ਤੇ ਹੋਰ ਕਾਂਗਰਸੀ ਮੈਂਬਰਾਂ ਨੂੰ  ਬੇਭਰੋਸਗੀ ਦਾ ਮਤਾ ਰੱਖਣ ਦੀ ਵੀ ਚੁਨੌਤੀ ਦਿਤੀ | ਦੂਜੇ ਪਾਸਿਉਂ ਕਾਂਗਰਸੀ ਮੈਂਬਰਾਂ ਨੇ ਵੀ ਖੜੇ ਹੋ ਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ | ਆਮ ਆਦਮੀ ਪਾਰਟੀ ਮੈਂਬਰ ਵੀ ਸੈਸ਼ਨ ਦਾ ਸਮਾਂ ਵਧਾਉਣ ਦੇ ਹੱਕ ਵਿਚ ਸਨ ਪਰ ਅਕਾਲੀਆਂ ਦੇ ਸ਼ੋਰ ਸ਼ਰਾਬੇ ਦੌਰਾਨ ਹੀ ਸਭਾ ਨੂੰ  ਉਠਾਉਣ ਦਾ ਪ੍ਰਸਤਾਵ ਬਹੁਗਿਣਤੀ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਹੋ ਗਿਆ |