ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਦੀ ਨਵੀਂ ਪਹਿਲ ਕਦਮੀ, ਸਰਕਾਰੀ ਫਾਈਲ ਕਵਰ ਰਾਹੀਂ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ

ਏਜੰਸੀ

ਖ਼ਬਰਾਂ, ਪੰਜਾਬ

ਸਾਖ਼ਰਤਾ ਅਭਿਆਨ ਦੇ ਨਾਲ ਚੌਗਿਰਦੇ ਤੇ ਜਲ ਦੀ ਸੰਭਾਲ ਦਾ ਦਿੱਤਾ ਹੋਕਾ

Printing and Stationery Minister's new initiative

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਲਏ ਪ੍ਰਣ ਨੂੰ ਦੁਹਰਾਉਂਦਿਆਂ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਸਰਕਾਰੀ ਫਾਈਲ ਕਵਰਜ਼ ਰਾਹੀਂ ਸਮਾਜਿਕ ਅਲਾਮਤਾਂ ਖ਼ਿਲਾਫ਼ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਦੇ ਨਾਲ ਹੀ ਸਾਖ਼ਰਤਾ ਅਭਿਆਨ ਅਤੇ ਚੌਗਿਰਦੇ ਤੇ ਜਲ ਦੀ ਸੰਭਾਲ ਦਾ ਵੀ ਹੋਕਾ ਦਿੱਤਾ ਜਾ ਰਿਹਾ ਹੈ।

ਇਹ ਜਾਣਕਾਰੀ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਿਵੇਕਲੀ ਪਿਰਤ ਪਾਉਂਦੇ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕਰਦਿਆਂ ਦਿੱਤੀ। ਕੈਬਨਿਟ ਮੰਤਰੀ ਤੇ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ.ਸੇਨੂੰ ਦੁੱਗਲ ਵੱਲੋਂ ਇਹ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕੀਤੇ ਗਏ।

ਨਵੇਂ ਜਾਰੀ ਕੀਤੇ ਗਏ ਸਰਕਾਰੀ ਫਾਈਲ ਕਵਰ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਉੱਪਰ 'ਭ੍ਰਿਸ਼ਟਾਚਾਰ ਮੁਕਾਓ, ਸੁਧਾਰ ਲਿਆਓ', 'ਨਸ਼ਿਆਂ ਨੂੰ ਜੜ੍ਹੋ ਮੁਕਾਓ', 'ਹਰ ਮਨੁੱਖ ਲਾਵੇ ਰੁੱਖ', 'ਜਲ ਹੈ ਤਾਂ ਕੱਲ੍ਹ ਹੈ' ਤੇ 'ਪੜ੍ਹੋ ਅਤੇ ਪੜ੍ਹਾਓ' ਸਲੋਗਨ ਲਿਖੇ ਗਏ ਹਨ ਜਿਨ੍ਹਾਂ ਨਾਲ ਸਬੰਧਿਤ ਲੋਗੋ ਲਗਾਏ ਗਏ ਹਨ। ਇਸ ਤੋਂ ਇਲਾਵਾ ਫਾਈਲ ਉੱਪਰ ਲਗਾਏ ਜਾਂਦੇ ਫਲੈਪਰ (ਜੱਫ਼ੂ) ਉੱਤੇ ਵਿਭਾਗ, ਸ਼ਾਖਾ ਆਦਿ ਦੀ ਜਾਣਕਾਰੀ ਲਿਖਣ ਲਈ ਕਾਲਮ ਰੱਖੇ ਗਏ ਹਨ। ਇਸ ਤੋਂ ਪਹਿਲਾਂ ਹਰ ਵਾਰ ਕੋਈ ਵੀ ਸਰਕਾਰੀ ਫਾਈਲ ਤਿਆਰ ਕਰਦਿਆਂ ਵੱਖਰਾ ਪ੍ਰਿੰਟ ਕਢਵਾ ਕੇ ਲਾਉਣਾ ਪੈਂਦਾ ਸੀ।

ਗੁਰਮੀਤ ਸਿੰਘ ਮੀਤ ਹੇਅਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ, ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਲਈ ਨਿੱਤ ਵਰਤੋ ਵਿਚ ਆਉਂਦੇ ਫਾਈਲ ਕਵਰ ਪ੍ਰਕਾਸ਼ਿਤ ਕਰਵਾਏ ਜਾਂਦੇ ਹਨ। ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਸਮਾਜਿਕ ਅਲਾਮਤਾਂ ਖ਼ਿਲਾਫ਼ ਜਾਗਰੂਕ ਕਰਦੇ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਵਾਲੇ ਸਲੋਗਨ ਫਾਈਲਾਂ ਉੱਪਰ ਲਿਖੇ ਜਾਣ।

ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੰਮਕਾਜ ਕਰਨ ਦੌਰਾਨ ਸਰਕਾਰੀ ਦਫ਼ਤਰਾਂ ਦੀ ਫਾਈਲਾਂ ਕਈ ਸਰਕਾਰੀ ਕਰਮੀਆਂ ਦੇ ਹੱਥੋਂ ਨਿਕਲਦੀਆਂ ਹਨ ਅਤੇ ਚੰਗੇ ਸੰਦੇਸ਼ ਦੇਣ ਲਈ ਇਸ ਤੋਂ ਵਧੀਆ ਪਹਿਲਕਦਮੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਸਮੇਂ ਅਤੇ ਪੈਸੇ ਦੀ ਬੱਚਤ ਲਈ ਫਾਈਲ ਕਵਰ ਉੱਪਰ ਲੱਗਦੇ ਫਲੈਪਰ ਉੱਪਰ ਵਿਭਾਗ, ਸ਼ਾਖਾ ਆਦਿ ਦਾ ਨਾਮ ਛਪਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਹਰ ਫਾਈਲ ਤਿਆਰ ਕਰਦਿਆਂ ਵੱਖਰਾ ਪ੍ਰਿੰਟ ਨਾ ਕਢਵਾਉਣਾ ਪਵੇ।