ਨਰਸਿੰਗ ਭਰਤੀ ਘੁਟਾਲਾ: ਪੇਪਰ ਦੇਣ ਵਾਲਾ ਹੋਰ ਤੇ ਨੌਕਰੀ ਲੈਣ ਵਾਲਾ ਹੋਰ, ਈ-ਮੇਲ ਤੇ ਦਸਤਖ਼ਤ ਤੋਂ ਹੋਈ ਪਛਾਣ, ਗ੍ਰਿਫ਼ਤਾਰ
ਨਰਸਿੰਗ ਸਟਾਫ਼ ਦੀ ਭਰਤੀ ਲਈ ਪ੍ਰੀਖਿਆ ਅਗਸਤ 2022 ਵਿਚ ਹੋਈ ਸੀ।
ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਨੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਵਿਚ 182 ਨਰਸਿੰਗ ਸਟਾਫ਼ ਦੀ ਭਰਤੀ ਵਿਚ ਹੋਈ ਧੋਖਾਧੜੀ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ਵਿਚ ਖੁਲਾਸਾ ਹੋਇਆ ਹੈ ਕਿ ਜੋਗਿੰਦਰ ਕੁਮਾਰ ਅਸਲ ਉਮੀਦਵਾਰ ਰੇਖਰਾਜ ਦੀ ਬਜਾਏ ਪ੍ਰੀਖਿਆ ਦੇਣ ਲਈ ਆਇਆ ਸੀ, ਉਨ੍ਹਾਂ ਦੀ ਉਮਰ ਵਿਚ ਅੰਤਰ ਸਾਫ਼ ਨਜ਼ਰ ਆ ਰਿਹਾ ਸੀ।
ਉਹਨਾਂ ਦੇ ਦਸਤਖ਼ਤ ਵੀ ਮੈਚ ਨਹੀਂ ਕਰ ਰਹੇ ਸੀ। ਜੁਆਇਨ ਕਰਨ ਸਮੇਂ ਰੇਖਰਾਜ ਪਹੁੰਚ ਗਿਆ ਪਰ ਐਡਮਿਟ ਕਾਰਡ ਨਾਲ ਫੋਟੋ ਮੈਚ ਨਹੀਂ ਹੋਈ ਕਿਉਂਕਿ ਉਸ 'ਤੇ ਜੋਗਿੰਦਰ ਦੀ ਫੋਟੋ ਲੱਗੀ ਹੋਈ ਸੀ। ਇੰਨਾ ਹੀ ਨਹੀਂ ਐਡਮਿਟ ਕਾਰਡ 'ਤੇ ਈ-ਮੇਲ ਆਈਡੀ ਵੀ ਰੇਖਰਾਜ ਦੀ ਨਹੀਂ ਸੀ। ਜੁਆਇਨ ਕਰਨ ਦੌਰਾਨ ਰੇਖਰਾਜ ਨੂੰ ਭਰਨ ਲਈ ਇੱਕ ਪ੍ਰੋਫਾਰਮਾ ਦਿੱਤਾ ਗਿਆ, ਜਿਸ ਵਿਚ ਉਸਨੇ ਆਪਣੀ ਅਸਲੀ ਈਮੇਲ ਆਈ.ਡੀ. ਲਿਖ ਦਿੱਤੀ ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ।
ਨਰਸਿੰਗ ਸਟਾਫ਼ ਦੀ ਭਰਤੀ ਲਈ ਪ੍ਰੀਖਿਆ ਅਗਸਤ 2022 ਵਿਚ ਹੋਈ ਸੀ। ਇਸ ਵਿਚ ਜੋਧਪੁਰ ਦੇ ‘ਰੇਖਰਾਜ ਕੱਛਵਾਹਾ’ ਨੇ ਵੀ ਆਪਣੇ ਉਮੀਦਵਾਰ ਦਾ ਪੇਪਰ ਦਿੱਤਾ ਸੀ। ਉਸ ਨੇ ਇਮਤਿਹਾਨ ਪਾਸ ਕਰ ਲਿਆ ਸੀ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਜੁਆਇਨ ਕਰਨ ਲਈ ਜ਼ਰੂਰੀ ਦਸਤਾਵੇਜ਼ ਵੀ ਦਿੱਤੇ। ਜਦੋਂ ਇਨ੍ਹਾਂ ਦਸਤਾਵੇਜ਼ਾਂ ਨੂੰ ਪ੍ਰੀਖਿਆ ਦੇ ਐਡਮਿਟ ਕਾਰਡ ਨਾਲ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਦੋਵਾਂ ਦੀਆਂ ਤਸਵੀਰਾਂ ਵੱਖ-ਵੱਖ ਸਨ।
ਐਡਮਿਟ ਕਾਰਡ 'ਤੇ ਈਮੇਲ ਆਈਡੀ ਵੱਖਰੀ ਸੀ ਅਤੇ ਪ੍ਰੋਫਾਰਮੇ 'ਤੇ ਕੁਝ ਹੋਰ ਸੀ। ਹਸਪਤਾਲ ਪ੍ਰਸ਼ਾਸਨ ਨੇ ਭਰਤੀ ਹੋਣ ਲਈ ਆਏ ਰੇਖਰਾਜ ਨੂੰ ਸਵਾਲ ਪੁੱਛੇ, ਜਿਨ੍ਹਾਂ ਦਾ ਉਹ ਸਹੀ ਜਵਾਬ ਨਹੀਂ ਦੇ ਸਕਿਆ। ਸ਼ੱਕ ਹੋਣ 'ਤੇ ਉਸ ਨੇ ਰੇਖਰਾਜ ਨੂੰ ਕੁਝ ਦੇਰ ਬਾਹਰ ਬੈਠਣ ਲਈ ਕਿਹਾ ਪਰ ਇਸ ਦੌਰਾਨ ਉਹ ਚਲਾ ਗਿਆ।
ਇਸ ਤੋਂ ਬਾਅਦ ਹਸਪਤਾਲ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਉਸ ਦੀ ਥਾਂ 'ਤੇ ਇਮਤਿਹਾਨ ਦੇਣ ਆਏ ਰੇਖਰਾਜ, ਜੋਗਿੰਦਰ ਕੁਮਾਰ ਅਤੇ ਸਾਰੀ ਪਲੈਨਿੰਗ ਨੂੰ ਅੰਜਾਮ ਦੇਣ ਵਾਲੇ ਮੁਕੇਸ਼ ਸੋਲੰਕੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420, 467, 468, 471 ਅਤੇ 120ਬੀ ਤਹਿਤ ਐਫਆਈਆਰ ਦਰਜ ਕੀਤੀ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਲਗਭਗ ਹਰ ਭਰਤੀ ਵਿਚ ਅਜਿਹੀ ਧੋਖਾਧੜੀ ਸਾਹਮਣੇ ਆ ਰਹੀ ਹੈ। ਹਾਲ ਹੀ ਵਿਚ ਪੁਲਿਸ ਭਰਤੀ ਵਿਚ ਵੀ ਇੱਕ ਫਰਜ਼ੀ ਉਮੀਦਵਾਰ ਪੇਪਰ ਦਿੰਦੇ ਹੋਏ ਪਾਇਆ ਗਿਆ ਸੀ। ਚੰਡੀਗੜ੍ਹ ਪੁਲਿਸ ਅਜਿਹੇ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਹਰ ਮਾਮਲੇ ਵਿਚ ਇੱਕ ਆਮ ਗੱਲ ਸਾਹਮਣੇ ਆਈ ਹੈ ਕਿ ਪੇਪਰ ਦੇਣ ਵਾਲਾ ਲੱਖਾਂ ਰੁਪਏ ਦੇ ਲਾਲਚ ਵਿਚ ਆ ਕੇ ਇਸ ਜਾਅਲਸਾਜ਼ੀ ਵਿਚ ਸ਼ਾਮਲ ਹੋ ਜਾਂਦਾ ਹੈ।
ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਮੁਕੇਸ਼ ਸੋਲੰਕੀ ਦਾ ਲੈਪਟਾਪ ਮਿਲਿਆ ਸੀ। ਪੁਲਿਸ ਨੂੰ ਲੈਪਟਾਪ ਤੋਂ ਫਰਜ਼ੀ ਆਧਾਰ ਕਾਰਡ, ਕੁਝ ਤਸਵੀਰਾਂ ਅਤੇ ਆਨਲਾਈਨ ਅਰਜ਼ੀ ਫਾਰਮ ਮਿਲੇ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਲੈਪਟਾਪ ਤੋਂ ਫਰਜ਼ੀ ਆਧਾਰ ਕਾਰਡ ਬਣਾਇਆ ਗਿਆ ਸੀ ਅਤੇ ਉਸ ਉਮੀਦਵਾਰ ਦਾ ਫਾਰਮ ਵੀ ਭਰਿਆ ਗਿਆ ਸੀ, ਜਿਸ ਦੀ ਥਾਂ 'ਤੇ ਕਿਸੇ ਹੋਰ ਨੂੰ ਪ੍ਰੀਖਿਆ ਦੇਣ ਲਈ ਭੇਜਿਆ ਜਾਣਾ ਸੀ। ਉਸ ਫਰਜ਼ੀ ਉਮੀਦਵਾਰ ਦੀ ਫੋਟੋ ਅਸਲੀ ਉਮੀਦਵਾਰ ਦੇ ਆਧਾਰ ਕਾਰਡ 'ਤੇ ਚਿਪਕਾਈ ਗਈ ਸੀ। ਇਸ ਜਾਅਲਸਾਜ਼ੀ ਵਿਚ 10 ਲੱਖ ਰੁਪਏ ਵਿਚ ਸੌਦਾ ਹੋਇਆ ਸੀ, ਜਿਸ ਵਿਚ ਮੁਕੇਸ਼ ਨੂੰ 2 ਲੱਖ ਰੁਪਏ ਕਮਿਸ਼ਨ ਵਜੋਂ ਮਿਲਣੇ ਸਨ।
ਰੇਖਰਾਜ ਕਛਵਾਹਾ ਤੋਂ ਇਲਾਵਾ 6 ਹੋਰ ਉਮੀਦਵਾਰ ਵੀ ਸਨ ਜੋ ਸ਼ੱਕ ਦੇ ਘੇਰੇ ਵਿਚ ਸਨ। ਉਨ੍ਹਾਂ ਦੀ ਜਾਂਚ ਲਈ ਹਸਪਤਾਲ ਪ੍ਰਸ਼ਾਸਨ ਨੇ ਜਾਂਚ ਕਮੇਟੀ ਬਣਾਈ ਜਿਸ ਨੇ ਪ੍ਰੀਖਿਆ ਪਾਸ ਕਰਨ ਵਾਲੇ ਕੁਝ ਉਮੀਦਵਾਰਾਂ ਨੂੰ ਪੁੱਛਗਿੱਛ ਲਈ ਬੁਲਾਇਆ ਪਰ ਉਨ੍ਹਾਂ ਨੇ ਜਾਂਚ ਪ੍ਰਕਿਰਿਆ ਵਿਚ ਹਿੱਸਾ ਨਹੀਂ ਲਿਆ, ਉਲਟਾ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਇਨ੍ਹਾਂ ਉਮੀਦਵਾਰਾਂ ਵਿਚ ਦਿਨੇਸ਼, ਨਰਿੰਦਰ, ਸ਼੍ਰੀ ਰਾਮ, ਮਨੀਸ਼ ਬਿਸ਼ਨੋਈ, ਪਾਰੂ, ਵਿਕਾਸ ਕੁਮਾਰ ਗੁਪਤਾ ਸ਼ਾਮਲ ਸਨ। ਰੀ-ਵੈਰੀਫਿਕੇਸ਼ਨ ਦੇ ਡਰੋਂ ਉਸ ਨੇ ਨੌਕਰੀ ਜੁਆਇਨ ਨਹੀਂ ਕੀਤੀ।