Punjab News: ਸੈਸ਼ਨ ਦੇ ਆਖਰੀ ਦਿਨ 11 ਸਕੂਲਾਂ ਦੇ ਵਿਦਿਆਰਥੀ ਅਤੇ 24 ਅਧਿਆਪਕ ਨੂੰ ਦਿਖਾਈ ਸਦਨ ਦੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਬਣਾਇਆ ਹੱਬ

On the last day of the session, 11 school students and 24 teachers were shown the proceedings of the House

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਵਿਸ਼ੇਸ਼ ਪਹਿਲ ਨਾਲ ਸੂਬੇ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵੇਖਣ ਅਤੇ ਵਿਧਾਨ ਸਭਾ ‘ਚ ਹੁੰਦੇ ਵਿਧਾਨਕ ਕੰਮ ਕਾਜ ਦੇ ਗਵਾਹ ਬਨਣ ਦਾ ਮੌਕਾ ਮਿਲਿਆ ਹੈ। ਇਸ ਪਹਿਲਕਦਮੀ ਨਾਲ ਪੰਜਾਬ ਵਿਧਾਨ ਸਭਾ, ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਹੱਬ ਬਣ ਗਈ ਹੈ।

ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਸੱਤਵੇਂ ਸੈਸ਼ਨ ਦੇ ਅੱਜ ਆਖਰੀ ਦਿਨ ਪੰਜਾਬ ਦੇ 11 ਸਕੂਲਾਂ ਦੇ 290 ਵਿਦਿਆਰਥੀ ਅਤੇ 24 ਅਧਿਆਪਕਾਂ ਨੇ ਸਦਨ ਦੀਆਂ ਵਿਧਾਨਕ ਕਾਰਵਾਈਆਂ ਨੂੰ ਵੇਖਿਆ। ਵਿਦਿਆਰਥੀਆਂ ਨੇ ਜਿੱਥੇ ਦਰਸ਼ਕ ਵਜੋਂ ਸੂਬੇ ਦੀ ਵਿਧਾਨਕ ਪ੍ਰਣਾਲੀ ਨੂੰ ਜਾਣਿਆ ਤੇ ਵੇਖਿਆ, ਉੱਥੇ ਹੀ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ਦੇ ਰਾਜਨੀਤਿਕ ਨੇਤਾਵਾਂ ਦੀ ਕਾਰਗੁਜ਼ਾਰੀ ਸਾਕਾਰ ਰੂਪ ‘ਚ ਵੇਖੀ।

ਇਸ ਮੌਕੇ ਸੰਧਵਾਂ ਨੇ ਇਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ, ਕੱਲ੍ਹ ਦੇ ਸਫਲ ਨੇਤਾ ਬਣਨਗੇ। ਉਨ੍ਹਾਂ ਕਿਹਾ ਕਿ ਕਿਹਾ ਕਿ ਵਿਦਿਆਰਥੀ ਮਿਹਨਤ ਕਰਕੇ, ਆਪੋ-ਆਪਣੇ ਟੀਚਿਆਂ ਨੂੰ ਪ੍ਰਾਪਤ ਕਰਕੇ, ਸਮਾਜ ਤੇ ਸੂਬੇ ਦੀ ਭਲਾਈ ਲਈ ਨਿੱਗਰ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਉਹ ਸਫਲ ਵਿਅਕਤੀ ਬਣ ਜਾਣਗੇ, ਉੱਥੇ ਹੀ ਆਪਣੇ ਮਾਤਾ-ਪਿਤਾ ਦਾ ਨਾਮ ਵੀ ਚਮਕਾਉਣਗੇ।
ਸੰਧਵਾਂ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਵੇਖਣ ਦੇ ਮੌਕੇ ਭਵਿੱਖ ‘ਚ ਵੀ ਮਿਲਣਗੇ।

ਜ਼ਿਕਰਯੋਗ ਹੈ ਕਿ ਇਸ ਮੌਕੇ ਸੰਤ ਕਰਮ ਸਿੰਘ ਅਕੈਡਮੀ ਰੂਪਨਗਰ, ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਆਰ ਸੈਕੰਡਰੀ ਪਬਲਿਕ ਸਕੂਲ ਹੁਸ਼ਿਆਰਪੁਰ, ਜ਼ਿਲ੍ਹਾ ਫਰੀਦਕੋਟ ਦੇ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ, ਸਰਕਾਰੀ ਹਾਈ ਸਕੂਲ ਢਿੱਲਵਾਂ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਗਾੜੀ, ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਕੋਟਕਪੂਰਾ ਅਤੇ ਬਲਬੀਰ ਸਕੂਲ ਆਫ ਐਮੀਨੈਂਸ ਫਰੀਦਕੋਟ ਆਦਿ ਦੇ ਵਿਦਿਆਰਥੀਆਂ ਨੇ ਵਿਧਾਨ ਸਭਾ ਦੀ ਕਾਰਵਾਈ ਵੇਖੀ।