ਬਾਦਲ ਪਰਵਾਰ ਦੇ 'ਨੱਕ ਦਾ ਸਵਾਲ' ਬਣੀ ਕਾਲਾਂਵਾਲੀ (ਰਿਜ਼ਰਵ) ਸੀਟ
ਸੁਖਬੀਰ ਬਾਦਲ ਦੀ ਹਾਜ਼ਰੀ 'ਚ ਅਕਾਲੀ ਦਲ ਦੇ ਉਮੀਦਵਾਰ ਨੇ ਨਾਮਜ਼ਦਗੀ ਭਰੀ
ਕਾਲਾਂਵਾਲੀ (ਸੁਰਿੰਦਰ ਪਾਲ ਸਿੰਘ) : ਭਾਜਪਾ ਤਿਆਗ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਰਾਜਿੰਦਰ ਸਿੰਘ ਦੇਸੂਯੋਧਾ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ ਜਦੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਵਲੋਂ ਭੇਜੇ ਗਏ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ ਕਾਲਾਂਵਾਲੀ ਵਿਖੇ ਦੇਸੂਯੋਧਾ ਦੇ ਵਡੇ ਕਾਫ਼ਲੇ ਵਿਚ ਸ਼ਾਮਲ ਹੋਏ।
ਅੱਜ ਕਾਲਾਂਵਾਲੀ ਦੇ ਐਸ.ਡੀ.ਐਮ ਨਿਰਮਲ ਨਾਗਰ ਦੇ ਦਫ਼ਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਿੰਦਰ ਸਿੰਘ ਦੇਸੂਯੋਧਾ ਦੀ ਉਮੀਦਵਾਰੀ ਦੇ ਨਾਮਜ਼ਦਗੀ ਭਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਥੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਅਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਉਥੇ ਹੀ ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਵਿਚ ਸਮਝੌਤਾ ਹੋ ਚੁੱਕਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਵਿਚ ਉਨ੍ਹਾਂ ਦਾ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਸਮਝੋਤਾ ਹੋ ਗਿਆ ਹੈ, ਇਸੇ ਲਈ ਚੋਟਾਲਾ ਦੀ ਪਾਰਟੀ ਨੇ ਕਾਲਾਂਵਾਲੀ ਹਲਕੇ ਤੋਂ ਅਪਣਾ ਉਮੀਦਵਾਰ ਖੜਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਬਾਕੀ ਸੀਟਾਂ ਦਾ ਐਲਾਨ ਅੱਜ ਸ਼ਾਮ ਤਕ ਕਰ ਦਿਤਾ ਜਾਵੇਗਾ।
ਹਜ਼ਾਰਾਂ ਵਰਕਰਾਂ ਦੀ ਭਰਮੀਂ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਜਿੰਦਰ ਸਿੰਘ ਦੇਸੂਯੋਧਾ, ਚਰਨਜੀਤ ਸਿੰਘ ਰੋੜੀ, ਵੀਰਭਾਨ ਮਹਿਤਾ, ਸਿਕੰਦਰ ਸਿੰਘ ਮਲੂਕਾ, ਤਜਿੰਦਰ ਸਿੰਘ ਮਿੱਡੂਖੇੜਾ, ਐਸ. ਜੀ.ਪੀ.ਸੀ. ਮੈਂਬਰ ਗੁਰਮੀਤ ਸਿੰਘ ਤਿਲੋਕੇਵਾਲਾ, ਲਖਵਿੰਦਰ ਸਿੰਘ ਔਲਖ ਅਤੇ ਦਿਆਲ ਸਿੰਘ ਕੋਲਾਂਵਾਲੀ ਨੇ ਸੰਬੋਧਨ ਕੀਤਾ।