550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਉੱਪ ਰਾਸ਼ਟਰਪਤੀ, ਡਾ. ਮਨਮੋਹਨ ਸਿੰਘ ਤੇ ਰਾਜਪਾਲ ਦੇ ਭਾਸ਼ਣ ਹੋਣਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਅਦ ਦੁਪਹਿਰ ਮੰਤਰੀ ਤੇ ਵਿਧਾਇਕ ਗੁਰੂ ਨਾਨਕ ਬਾਰੇ ਵਿਚਾਰ ਦੇਣਗੇ, ਵਿਧਾਨ ਸਭਾ ਦਾ ਵਿਸ਼ੇਸ਼ ਇਜ਼ਲਾਸ 6 ਨਵੰਬਰ ਨੂੰ

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਉੱਪ ਰਾਸ਼ਟਰਪਤੀ, ਡਾ. ਮਨਮੋਹਨ ਸਿੰਘ ਤੇ ਰਾਜਪਾਲ ਦੇ ਭਾਸ਼ਣ ਹੋਣਗੇ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਦਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜ਼ਲਾਸ 6 ਨਵੰਬਰ ਬੁਧਵਾਰ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ। ਸਵੇਰੇ 11 ਵਜੇ ਸ਼ੁਰੂ ਹੋਣ ਵਾਲੇ ਇਸ ਸੈਸ਼ਨ ਵਿਚ ਦੇਸ਼ ਦੇ ਉੱਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੂੰ ਗੁਰੂ ਨਾਨਕ ਦੇ ਸਿੱਖੀ ਸਿਧਾਂਤਾਂ, ਫਿਲਾਸਫ਼ੀ ਅਤੇ ਮਾਨਵਤਾ ਦੀ ਭਾਲਾਈ ਲਈ ਦੱਸੇ ਰਾਹਾਂ ਦਾ ਵਰਣਨ ਕਰਨ ਸਬੰਧੀ ਸੱਦਾ ਪੱਤਰ ਦਿਤਾ ਹੈ।

ਬਾਅਦ ਦੁਪਹਿਰ ਖਾਣੇ ਮਗਰੋਂ ਵਿਧਾਨ ਸਭਾ ਦੇ ਸਪੈਸ਼ਲ ਇਜ਼ਲਾਸ ਵਿਚ ਪੰਜਾਬ ਦੇ ਮੁੱਖ ਮੰਤਰੀ, ਮੰਤਰੀ ਤੇ ਹੋਰ ਵੱਖ ਵੱਖ ਪਾਰਟੀਆਂ ਦੇ ਵਿਧਾਇਕ  ਤੇ ਆਗੂ 550ਵੇਂ ਪ੍ਰਕਾਸ਼ ਪੁਰਬ ਬਾਰੇ ਵਿਚਾਰ ਪੇਸ਼ ਕਰਨਗੇ। ਵਾਤਾਵਰਣ ਸੰਭਾਲ ਲਈ ਪੰਜਾਬ ਵਿਚ ਥਾਉਂ-ਥਾਈਂ ਪੇੜ ਲਾਉਣ, ਦਰਆਵਾਂ ਦੀ ਸਾਫ਼ ਸਫ਼ਾਈ ਅਤੇ ਵਿਸ਼ੇਸ਼ ਕਰ ਕੇ ਗੁਰੂ ਨਾਨਕ ਦੇਵ ਨਾਲ ਜੁੜੀ ਬੇਂਈ ਦੀ ਸਫ਼ਾਈ ਬਾਰੇ ਪ੍ਰਾਜੈਕਟ ਉਲੀਕਣ ਵਾਸਤੇ ਵਿਸ਼ੇਸ਼ ਪ੍ਰਸਤਾਵ ਪਾਸ ਕੀਤਾ ਜਾਵੇਗਾ।

ਵਿਧਾਨ ਸਭਾ ਸੂਤਰਾਂ ਨੇ ਦਸਿਆ ਕਿ ਇਸ ਸਪੈਸ਼ਲ ਇਜ਼ਲਾਸ ਵਿਚ ਗੁਰੂ ਨਾਨਕ ਦੇਵ ਦੇ ਜੀਵਨ ਨਾਲ ਜੁੜੀਆਂ ਥਾਵਾਂ ਕਰਤਾਰਪੁਰ, ਬਟਾਲਾ, ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਲਈ ਵੱਖਰੇ ਵਿਕਾਸ ਪ੍ਰਾਜੈਕਟ, ਯੂਨੀਵਰਸਿਟੀ, ਕਾਲਜ ਤੋ ਹੋਰ ਸਕੀਮਾਂ ਸਬੰਧੀ ਬਿਲ ਜਾਂ ਪ੍ਰਸਤਾਵ ਵੀ ਪਾਸ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਵਿਧਾਨ ਸਭਾ ਕੰਪਲੈਕਸ, ਹਾਈ ਕੋਰਟ ਅਤੇ ਸਿਵਲ ਸਕੱਤ੍ਰੇਤ ਤੇ ਹੋਰ ਵੱਡੇ ਭਵਨਾਂ ਨੂੰ ਵਿਰਾਸਤੀ ਇਮਾਰਤਾਂ, ਯੂ.ਐਨ.ਓ ਵਲੋਂ ਐਲਾਨਣ ਉਪਰੰਤ ਪੁੱਟ ਪੁਟਾਈ ਅਤੇ ਮੁਰੰਮਤ ਦੇ ਕੰਮ ਦਾ ਖਿਲਾਰਾ ਪਿਆ ਹੋਇਆ ਹੈ। ਨਵੰਬਰ ਦੇ ਪਹਿਲੇ ਹਫ਼ਤੇ ਦੇ ਇਸ ਵਿਸ਼ੇਸ਼ ਇਜ਼ਲਾਸ ਨੂੰ ਨੇਪਰੇ ਚਾੜ੍ਹਨ ਲਈ ਮੁਰੰਮਤ ਕਰਨ ਵਾਲੇ ਠੇਕੇਦਾਰਾਂ, ਮਜ਼ਦੂਰਾਂ ਤੇ ਹੋਰ ਵਰਕਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।