ਪਾਕਿਸਤਾਨ ਸਰਕਾਰ ਨੇ ਮੁੜ ਖੋਲ੍ਹਿਆ ਕਰਤਾਰਪੁਰ ਦਾ ਲਾਂਘਾ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਸਰਕਾਰ ਨੇ ਮੁੜ ਖੋਲ੍ਹਿਆ ਕਰਤਾਰਪੁਰ ਦਾ ਲਾਂਘਾ

image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘਾ ਖੋਲ੍ਹਣ ਤਾਂ ਜੋ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾ ਸਕਣ

ਲਾਹੌਰ, 3 ਅਕਤੂਬਰ : ਕੋਰੋਨਾ ਮਹਾਂਮਾਰੀ ਦੇ ਹਾਲਾਤ ਵਿਚ ਬਿਹਤਰੀ ਹੋਣ ਉਪਰੰਤ ਪਾਕਿਸਤਾਨ ਦੇ ਇਵੈਕਿਊ ਟਰੱਸਟ ਬੋਰਡ ਅਤੇ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਰਤਾਰਪੁਰ ਦਾ ਲਾਂਘਾ ਸੰਗਤਾਂ ਲਈ ਖੋਲ੍ਹ ਦਿਤਾ ਹੈ। ਬਕਾਇਦਾ ਡਿਪਟੀ ਸੈਕਟਰੀ ਇਮਰਾਨ ਰਸੀਦ ਦੇ ਦਸਤਖਤਾਂ ਹੇਠ ਗਜਟ ਨੋਟੀਫ਼ੀਕੇਸ਼ਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਗਤਾਂ ਗੁਰਦਵਾਰਾ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਹੁਣ ਆ ਸਕਦੀਆਂ ਹਨ ਜਿਸ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ। ਭਾਰਤ ਸਰਕਾਰ ਨੂੰ ਇਸ ਸਬੰਧੀ ਤੁਰਤ ਫ਼ੈਸਲਾ ਲੈਣਾ ਚਾਹੀਦਾ ਹੈ। ਪੰਜਾਬ ਸਰਕਾਰ ਵੀ ਕੇਂਦਰ ਨਾਲ ਰਾਬਤਾ ਕਾਇਮ ਕਰ ਕੇ ਇਸ ਰਸਤੇ ਨੂੰ ਮੁੜ ਸੰਗਤਾਂ ਲਈ ਖੋਲ੍ਹੇ।
ਅਮਰੀਕੀ ਸਿੱਖਾਂ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਹਰ ਗੁਰਦਵਾਰੇ ਜਾ ਰਹੀਆਂ ਹਨ। ਅਮਰੀਕਾ ਵਿਚ ਵੀ 75 ਫ਼ੀ ਸਦੀ ਸੰਗਤਾਂ ਗੁਰੂਘਰ ਵਿਚ ਸ਼ਮੂਲੀਅਤ ਕਰ ਰਹੀਆਂ ਹਨ। ਫਿਰ ਕਰਤਾਰਪੁਰ ਲਾਂਘੇ ਰਾਹੀਂ ਸੰਗਤਾਂ ਨੂੰ ਕਿਉਂ ਨਹੀਂ ਜਾਣ ਦਿਤਾ ਜਾ ਰਿਹਾ? ਮੈਰਿਜ ਪੈਲੇਸਾਂ ਵਿਚ ਸੌ ਦੀ ਗਿਣਤੀ ਦੀ ਪ੍ਰਵਾਨਗੀ ਦੇ ਦਿਤੀ ਹੈ। ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਰਾਹੀਂ ਵੀ ਗੁਰਦਵਾਰਾ ਕਰਤਾਰਪੁਰ ਸਾਹਿਬ ਸੌ ਦੀ ਗਿਣਤੀ ਨਾਲ ਖੋਲ੍ਹਿਆ ਜਾਵੇ। ਅਮਰੀਕਾ ਤੋਂ ਜਥਾ ਨਵੰਬਰ ਵਿਚ ਬਾਬੇ ਨਾਨਕ ਦੇ ਗੁਰਪੁਰਬ 'ਤੇ ਜਾ ਰਿਹਾ ਹੈ ਜਿਸ ਲਈ ਸੰਗਤਾਂ ਵਲੋਂ ਵੀਜ਼ੇ ਲੈਣੇ ਸ਼ੁਰੂ ਕਰ ਦਿਤੇ ਹਨ। ਸੋ ਪ੍ਰਧਾਨ ਮੰਤਰੀ ਨੰਿਦਰ ਮੋਦੀ ਵੀ ਇਸ ਲਈ ਪਹਿਲ-ਕਦਮੀ ਕਰ ਕੇ ਸੰਗਤਾਂ ਨੂੰ ਨਵੰਬਰ ਵਿਚ ਬਾਬੇ ਨਾਨਕ ਦੇ ਗੁਰਪੁਰਬ 'ਤੇ ਜਾਣ ਦੀ ਪ੍ਰਵਾਨਗੀ ਦੇਵੇ।      (ਏਜੰਸੀ)