ਤਿੰਨ ਸਾਲ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਇਆ ਨਵਜੋਤ ਸਿੱਧੂ ਕਿਵੇਂ ਪ੍ਰਧਾਨ ਬਣ ਸਕਦੈ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਦੀ ਕਾਂਗਰਸ ਵਿਚ ਸਰਗਰਮੀ ਅਤੇ ਮੰਤਰੀ ਮੰਡਲ 'ਚ ਵਾਪਸੀ ਨੂੰ ਫਿਰ ਲੱਗੀਆਂ ਬਰੇਕਾਂ

Captain Amarinder Singh

ਚੰਡੀਗੜ੍ਹ (ਐਸ.ਐਸ. ਬਰਾੜ) : ਨਵਜੋਤ ਸਿੰਘ ਸਿੱਧੂ ਦੀ ਪੰਜਾਬ ਮੰਤਰੀ ਮੰਡਲ ਵਿਚ ਬਹਾਲੀ ਜਾਂ ਸੂਬਾ ਕਾਂਗਰਸ ਦਾ ਪ੍ਰਧਾਨ ਬਨਾਉਣ ਦੀਆਂ ਅਟਕਲਾਂ ਨੂੰ ਇਥ ਵਾਰ ਫਿਰ ਬਰੇਕਾਂ ਲੱਗ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਅੰਗਰੇਜ਼ੀ ਅਖ਼ਬਾਰ ਦੀ ਇੰਟਰਵਿਊ ਵਿਚ ਸਪਸ਼ਟ ਕਰ ਦਿਤਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਮੰਤਰੀ ਮੰਡਲ ਵਿਚ ਵਾਪਸ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਕ ਸਾਲ ਪਹਿਲਾਂ ਦਿਤਾ ਗਿਆ ਬਿਜਲੀ ਮਹਿਕਮਾ ਹੀ ਮਿਲੇਗਾ, ਸਥਾਨਕ ਸਰਕਾਰਾਂ ਦਾ ਮਹਿਕਮਾ ਉਨ੍ਹਾਂ ਨੂੰ ਨਹੀਂ ਦਿਤਾ ਜਾ ਸਕਦਾ।

ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਬਾਰੇ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਬਹੁਤ ਵਧੀਆ ਕੰਮ ਕਰ ਰਹੇ ਹਨ। ਤਿੰਨ ਸਾਲ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਵਿਅਕਤੀ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਕਿਵੇਂ ਬਣਾਇਆ ਜਾ ਸਕਦਾ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬਾਰੇ ਕੈਪਟਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਰਾ ਜੀਵਨ ਹੀ ਕਾਂਗਰਸ ਵਿਚ ਗੁਜਰਿਆ ਹੈ।

ਨਵਜੋਤ ਸਿੰਘ ਸਿੱਧੂ ਅਜੇ ਨਵੇਂ ਆਏ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾ ਸਕਦਾ। ਇਥੇ ਇਹ ਦਸਣਯੋਗ ਹੋਵੇਗਾ ਕਿ ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਇਨਚਾਰਜ ਸੀਨੀਅਰ ਕਾਂਗਰਸੀ ਨੇਤਾ, ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਵਿਚ ਏਕਤਾ ਬਣਾਉਣ ਅਤੇ ਖਾਸ ਕਰ ਕੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿਚ ਮੁੜ ਤੋਂ ਸਰਗਰਮ ਕਰਨ ਦਾ ਜਿੰਮਾ ਸੌਂਪਿਆ ਹੈ।

ਉਹ ਪਿਛਲੇ ਤਿੰਨ ਚਾਰ ਦਿਨਾਂ ਤੋਂ ਪੰਜਾਬ ਵਿਚ ਸਰਗਰਮ ਹਨ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਸਾਰੇ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਵੀ ਗਲਬਾਤ ਕੀਤੀ। ਨਵਜੋਤ ਸਿੰਘ ਸਿੱਧੂ ਨੂੰ ਮੁੜ ਤੋਂ ਪਾਰਟੀ ਵਿਚ ਸਰਗਰਮ ਕਰਨ ਲਈ ਸ਼੍ਰੀ ਰਾਵਤ ਨੈ ਪਿਛਲੇ ਦਿਨੀ ਅੰਮ੍ਰਿਤਸਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਦਿੱਲੀ ਤੋਂ ਚੰਡੀਗੜ੍ਹ ਆਉਣ 'ਤੇ ਸ਼੍ਰੀ ਰਾਵਤ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਸੀ

ਕਿ ਕੈਪਟਨ ਅਮਰਿੰਦਰ ਸਿੰਘ ਇਕ ਤਜਰਬੇਕਾਰ ਅਤੇ ਸੀਨੀਅਰ ਨੇਤਾ ਹਨ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਭਵਿਖ ਹਨ। ਉਨ੍ਹਾਂ ਦੀਆਂ ਉਪਰੋਕਤ ਟਿਪਣੀਆਂ ਤੋਂ ਬਾਅਦ ਅਟਕਲਾਂ ਤੇਜ ਹੋ ਗਈਆਂ ਸਨ ਕਿ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਦਾ ਮਹਿਕਮਾ ਲੈ ਕੇ ਮੁੜ ਮੰਤਰੀ ਬਣ ਸਕਦੇ ਹਨ ਜਾਂ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਮਿਲ ਸਕਦੀ ਹੈ।