ਮੋਦੀ ਨੇ ਜੋ ਬੱਚਿਆਂ ਵਾਲੀ ਜਿੱਦ ਫੜ ਲਈ ਹੈ ਉਹ ਹਿੰਦੁਸਤਾਨ ਨੂੰ ਤਬਾਹ ਕਰ ਦੇਵੇਗੀ - ਰੰਧਾਵਾ
ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਦੀ ਸਰਕਾਰ ਨੂੰ ਲਲਕਾਰ
ਚੰਡੀਗੜ੍ਹ - ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨ ਅਤੇ ਸਿਆਸੀ ਪਾਰਟੀਆਂ ਲਗਾਤਾਰ ਵਿਰੋਧ ਕਰ ਰਹੀਆਂ ਹਨ ਆਮ ਅਤੇ ਖਾਸ ਸਭ ਸੜਕਾਂ 'ਤੇ ਉਤਰੇ ਹੋਏ ਹਨ। ਲਗਾਤਾਰ ਆਰਡੀਨੈਂਸਾਂ ਦਾ ਵਿਰੋਧ ਹੋ ਰਿਹਾ ਹੈ। ਅੱਜ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਵਿਚ ਟਰੈਕਟਰ ਰੈਲੀ ਕੱਢਣ ਆ ਰਹੇ ਹਨ ਤੇ ਉਸ ਤੋਂ ਪਹਿਲਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਲੜਾਈ ਬਹੁਤ ਲੰਮੀ ਲੜਾਈ ਹੈ ਤੇ ਇਸ ਨੂੰ ਕੋਈ ਛੋਟੀ ਲੜਾਈ ਨਹੀਂ ਸਮਝਣਾ ਚਾਹੀਦਾ।
ਉਹਨਾਂ ਕਿਹਾ ਕਿ ਜਦੋਂ ਸਰਕਾਰ ਨੇ ਸੀਏਏ ਦਾ ਕਾਨੂੰਨ ਪਾਸ ਕੀਤਾ ਸੀ ਤਾਂ ਉਸ ਸਮੇਂ ਵੀ ਸਰਕਾਰ ਟਸ ਤੋਂ ਮਸ ਨਹੀਂ ਹੋਈ ਸੀ ਤੇ ਜੀਐੱਸਟੀ ਦੇ ਸਮੇਂ ਵੀ ਸਰਕਾਰ ਨੇ ਆਪਣਾ ਕੋਈ ਚੰਗਾ ਫੈਸਲਾ ਨਹੀਂ ਲਿਆ ਤੇ ਪੂਰੇ ਹਿੰਦੁਸਤਾਨ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਤੋਂ ਬਾਅਦ ਸਰਕਾਰ ਨੇ ਨੋਟਬੰਦੀ ਕੀਤੀ ਤੇ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹਿੰਦੁਸਤਾਨ ਕਾਰਾਂ ਉੱਤੇ ਖੜ੍ਹਾ ਰਿਹਾ ਤੇ ਮੋਦੀ ਸਰਕਾਰ ਵੇਲੇ ਹਿੰਦੁਸਤਾਨ ਪੂਰਾ ਖ਼ਤਮ ਹੋ ਗਿਆ।
ਉਹਨਾਂ ਕਿਹਾ ਕਿ ਮੋਦੀ ਨੇ ਜੋ ਬੱਚਿਆਂ ਵਾਲੀ ਜਿੱਦ ਫੜ ਲਈ ਹੈ ਉਹ ਹਿੰਦੁਸਤਾਨ ਨੂੰ ਤਬਾਹ ਕਰ ਦੇਵੇਗੀ। ਸੁਖਜਿੰਦਰ ਰੰਧਾਵਾ ਨੇ ਹਰਦੀਪ ਪੁਰੀ ਨੂੰ ਲਲਕਾਰਦਿਆਂ ਕਿਹਾ ਕਿ ਉਹ ਆਪਣੇ ਬਿਆਨਾਂ ਨਾਲ ਆਪਣਾ ਹੀ ਚਿਹਰਾ ਨੰਗਾ ਕਰ ਕੇ ਗਏ ਨੇ ਤੇ ਇਸ ਤੋਂ ਬਾਅਦ ਕੋਈ ਗੱਲ ਕਰਨ ਵਾਲੀ ਰਹਿ ਹੀ ਨਹੀਂ ਗਈ। ਸੁਖਜਿੰਦਰ ਰੰਧਾਵਾ ਨੇ ਸੁਖਬੀਰ ਤੇ ਬੀਬੀ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੀ ਇਹਨਾਂ ਨੇ ਤਿੰਨ ਤਖ਼ਤਾਂ ਤੋਂ ਰੈਲੀ ਕੀਤੀ ਹੈ
ਉਹ ਉਸ ਸਮੇਂ ਕਿੱਥੇ ਸੀ ਜਦੋਂ ਕੋਟਕਪੂਰਾ ਵਿਖੇ ਜਵਾਨ ਸ਼ਹੀਦ ਕੀਤੇ ਗਏ ਸੀ ਜਦੋਂ ਬਰਗਾਂੜੀ ਕਾਂਡ ਵੇਲੇ ਲੋਕਾਂ 'ਤੇ ਤਸ਼ੱਦਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਉਦੋਂ ਵੀ ਰੈਲੀਆਂ ਕੱਢਣੀਆਂ ਚਾਹੀਦੀਆਂ ਸੀ ਉਸ ਸਮੇਂ ਉਹ ਕਿੱਥੇ ਸੀ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਵਾਲੇ ਹੁਣ ਧਾਰਮਿਕ ਮੁੱਦਾ ਬਣਾ ਕੇ ਸਿਆਸਤ ਕਰਨਾ ਚਾਹੁੰਦੇ ਨੇ ਜੋ ਕਿ ਹੁਣ ਲੋਕਾਂ ਨੂੰ ਪਤਾ ਚੱਲ ਗਿਆ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਹਰਸਿਮਰਤ ਬਾਦਲ ਨੇ ਖੁਦ ਆਪਣੇ ਮੂੰਹੋ ਕਿਹਾ ਸੀ ਕਿ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ ਵਿਚ ਹਨ ਤੇ ਜਦੋਂ ਕਿਸਾਨ ਇਸ ਦਾ ਵਿਰੋਧ ਕਰਨ ਲੱਗ ਗਏ ਤਾਂ ਹਰਸਿਮਰਤ ਬਾਦਲ ਨੇ ਕਿਹਾ ਕਿ ਕਿਸਾਨ ਇਸ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ ਤਾਂ ਕਰ ਕੇ ਹੀ ਮੈਂ ਵੀ ਇਸ ਕਾਨੂੰਨ ਦਾ ਵਿਰੋਧ ਕਰਦੀ ਹਾਂ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅੱਜ ਨੌਟੰਕੀ ਕਰਨ ਦਾ ਸਮਾਂ ਨਹੀਂ ਬਲਕਿ ਪੂਰੇ ਪੰਜਾਬ ਨਾਲ ਖੜ੍ਹਨ ਦਾ ਸਮਾਂ ਹੈ।