ਮੁੱਖ ਮੰਤਰੀ ਨੇ ਮੋਰਿੰਡਾ ਤੋਂ ਸੂਬਾ ਪਧਰੀ ਜ਼ੀਰੀ ਦੀ ਸਰਕਾਰੀ ਖ਼ਰੀਦ ਦੀ ਕੀਤੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਮੋਰਿੰਡਾ ਤੋਂ ਸੂਬਾ ਪਧਰੀ ਜ਼ੀਰੀ ਦੀ ਸਰਕਾਰੀ ਖ਼ਰੀਦ ਦੀ ਕੀਤੀ ਸ਼ੁਰੂਆਤ

IMAGE

ਪੰਜਾਬ ਦੇ ਕਿਸਾਨ ਦੀ ਜ਼ੀਰੀ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ: ਚੰਨੀ
 

ਮੋਰਿੰਡਾ, 3 ਅਕਤੂਬਰ (ਮੋਹਨ ਸਿੰਘ ਅਰੋੜਾ): ਅੱਜ ਅਨਾਜ ਮੰਡੀ ਮੋਰਿੰਡਾ ਤੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵਲੋਂ ਜ਼ੀਰੀ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਦੀ ਜ਼ੀਰੀ ਦੀ ਖ਼ਰੀਦ ਨਾਲੋਂ-ਨਾਲ ਕੀਤੀ ਜਾਵੇਗੀ ਅਤੇ ਅਦਾਇਗੀ ਵੀ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿਚ ਪਾ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਤੇ ਮਜ਼ਦੂਰ ਨੂੰ ਮੰਡੀ ਵਿਚ ਰੁਲਣ ਨਹੀਂ ਦਿਤਾ ਜਾਵੇਗਾ। ਬਾਹਰਲੇ ਸੂਬਿਆਂ ਤੋਂ ਪੰਜਾਬ ਵਿਚ ਵਿਕਣ ਲਈ ਆਉਣ ਵਾਲੀ ਜ਼ੀਰੀ ਨੂੰ ਸਖ਼ਤੀ ਨਾਲ ਰੋਕਣ ਲਈ ਪੰਜਾਬ ਪੁਲਿਸ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਪੰਜਾਬ ਵਿਚ ਬਾਹਰਲੇ ਸੂਬਿਆਂ ਦੀ ਜ਼ੀਰੀ ਦਾ ਇਕ ਵੀ ਦਾਣਾ ਨਹੀਂ ਆਉਣ ਦਿਤਾ ਜਾਵੇਗਾ। ਪੰਜਾਬ ਦੇ ਕਿਸਾਨ ਦੀ ਜ਼ੀਰੀ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ। 
ਇਸ ਮੌਕੇ ਉਨ੍ਹਾਂ ਵਲੋਂ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਮੋਰਿੰਡਾ ਵਿਚ ਬਣ ਰਹੇ ਰੇਲਵੇ ਅੰਡਰ ਬਰਿੱਜ ਦਾ ਵੀ ਜਾਇਜ਼ਾ ਲਿਆ ਅਤੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਸਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਕਕਰਾਲੀ, ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ, ਬੰਤ ਸਿੰਘ ਕਲਾਰਾਂ, ਸਤਵਿੰਦਰ ਸਿੰਘ ਚੈੜੀਆਂ, ਰਾਈਸ ਸ਼ੈਲਰ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਪ੍ਰੇਮ ਸਿੰਘ ਰੌਣੀ, ਮਨਦੀਪ ਸਿੰਘ ਰੌਣੀ, ਬਲਜਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਸਿੱਧੂ, ਸਰਬਜਿੰਦਰ ਸਿੰਘ ਮਾਨ, ਦਰਸ਼ਨ ਸਿੰਘ ਸੰਧੂ, ਸੁਖਵਿੰਦਰ ਮੁੰਡੀਆਂ ਆਦਿ ਸ਼ਾਮਲ ਹੋਏ।  

ਕੈਪਸ਼ਨ- ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਨਾਜ ਮੰਡੀ ਮੋਰਿੰਡਾ ਵਿਖੇ ਸੂਬਾ ਪਧਰੀ ਜ਼ੀਰੀ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਉਂਦੇ ਹੋਏ।