ਨਾਬਾਲਿਗ ਲੜਕੇ ਤੋਂ ਵਸੂਲੇ 13 ਲੱਖ ਰੁਪਏ, ਜਾਣੋ ਕਿਸ ਗੱਲੋਂ ਕੀਤਾ ਬਲੈਕਮੇਲ
ਪੁਲਿਸ ਨੇ ਮਾਮਲਾ ਕੀਤਾ ਦਰਜ
ਲੁਧਿਆਣਾ: ਟਿੱਬਾ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ 16 ਸਾਲਾ ਲੜਕੇ ਨੂੰ ਬਲੈਕਮੇਲ ਕਰਕੇ ਉਸ ਤੋਂ 12.71 ਲੱਖ ਰੁਪਏ ਦੀ ਨਕਦੀ, ਮੋਬਾਈਲ ਫ਼ੋਨ ਅਤੇ ਗਹਿਣੇ ਬਟੋਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੇ ਲੜਕੇ ਦੀ ਇੱਕ ਔਰਤ ਨਾਲ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਸੀ ਅਤੇ ਇਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦਿੰਦਾ ਸੀ।
ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਆਪਣੇ ਚਾਚੇ ਨਾਲ ਰਹਿੰਦਾ ਨਾਬਾਲਗ ਲੜਕਾ ਮੁਲਜ਼ਮਾਂ ਨੂੰ ਦੇਣ ਲਈ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰਨ ਲੱਗਾ। ਪੁਲਿਸ ਨੇ ਨਾਬਾਲਿਗ ਲੜਕੇ ਦੇ ਚਾਚੇ ਦੀ ਸ਼ਿਕਾਇਤ 'ਤੇ ਟਿੱਬਾ ਇਲਾਕੇ ਦੇ ਮੋਹਿਤ ਸੂਦ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ।
ਆਪਣੇ ਬਿਆਨ ਵਿੱਚ ਨੌਜਵਾਨ ਦੇ ਚਾਚੇ ਨੇ ਦੋਸ਼ ਲਗਾਇਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਘਰੋਂ ਨਕਦੀ ਅਤੇ ਗਹਿਣੇ ਚੋਰੀ ਹੋ ਰਹੇ ਸਨ। ਜਦੋਂ ਉਸ ਨੇ ਆਪਣੇ ਭਤੀਜੇ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਸਾਰੀ ਘਟਨਾ ਦੱਸੀ। ਲੜਕੇ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਹਨੀ ਟ੍ਰੈਪ ਕੀਤਾ ਅਤੇ ਉਸ ਦੀਆਂ ਇੱਕ ਔਰਤ ਨਾਲ ਇਤਰਾਜ਼ਯੋਗ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਵੀ ਬਣਾਈਆਂ। ਮੁਲਜ਼ਮ ਨੇ ਉਸ ਨੂੰ ਪੈਸਿਆਂ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਨੇ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਵੀਡੀਓ ਅਤੇ ਤਸਵੀਰਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਵਾਇਰਲ ਕਰ ਦੇਵੇਗਾ।
ਲੜਕੇ ਦੇ ਦੱਸਣ ਅਨੁਸਾਰ ਮੁਲਜ਼ਮ ਲੜਕੇ ਕੋਲੋਂ 12.71 ਲੱਖ ਰੁਪਏ ਨਕਦ, ਦੋ ਸੋਨੇ ਦੀਆਂ ਮੁੰਦਰੀਆਂ, ਦੋ ਸੋਨੇ ਦੀਆਂ ਵਾਲ਼ੀਆਂ, ਇੱਕ ਸੋਨੇ ਦੀ ਚੇਨ, ਸੋਨੇ ਦਾ ਬਰੇਸਲੇਟ ਅਤੇ ਇੱਕ ਮੋਬਾਈਲ ਫ਼ੋਨ ਵਸੂਲ ਕਰ ਚੁੱਕਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 384 ਅਤੇ 506 ਤਹਿਤ ਐਫ਼ਆਈਆਰ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।