ਅਟਾਰੀ ਸਰਹੱਦ ਤੋਂ 3 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, ਪਾਕਿਸਤਾਨੀ ਡਰਾਈਵਰ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬ

ਚੁੰਬਕ ਦੀ ਮਦਦ ਨਾਲ ਲੁਕਾਈ ਗਈ ਸੀ ਨਸ਼ੇ ਦੀ ਖੇਪ 

Drugs worth Rs 3 crore recovered from Attari border

ਅਫ਼ਗ਼ਾਨਿਸਤਾਨ ਦਾ ਮਾਲ ਲੈ ਕੇ ICP ਪਹੁੰਚਿਆ ਪਾਕਿਸਤਾਨੀ ਡਰਾਈਵਰ ਗ੍ਰਿਫ਼ਤਾਰ 
ਅੰਮ੍ਰਿਤਸਰ :
ਭਾਰਤੀ ਕਸਟਮ ਵਿਭਾਗ ਨੇ ਪਾਕਿਸਤਾਨੀ ਨਸ਼ਾ ਤਸਕਰਾਂ ਵੱਲੋਂ ਭੇਜੇ ਗਏ 3 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਅਟਾਰੀ ਸਰਹੱਦ 'ਤੇ ਚੈਕਿੰਗ ਦੌਰਾਨ ਬੀਐਸਐਫ ਜਵਾਨਾਂ ਨੇ ਇਹ ਖੇਪ ਵੇਖੀ ਅਤੇ ਕਸਟਮ ਵਿਭਾਗ ਨੇ ਇਸ ਨੂੰ ਜ਼ਬਤ ਕਰ ਲਿਆ। ਬੀਐੱਸਐੱਫ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਪਾਕਿਸਤਾਨੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧ ਖ਼ਤਮ ਕਰ ਦਿੱਤੇ ਸਨ ਪਰ ਅੰਮ੍ਰਿਤਸਰ ਦੀ ਅਟਾਰੀ ਸਰਹੱਦ 'ਤੇ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਰਾਹੀਂ ਸਿਰਫ਼ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਸਮਾਨ ਹੀ ਪ੍ਰਾਪਤ ਹੋ ਰਿਹਾ ਹੈ। ਇਸ ਦੀ ਆੜ 'ਚ ਪਾਕਿਸਤਾਨੀ ਸਮੱਗਲਰ ਲਗਾਤਾਰ ਨਸ਼ੀਲੇ ਪਦਾਰਥ ਭੇਜ ਰਹੇ ਹਨ। ਜੋ ਨਸ਼ੀਲੇ ਪਦਾਰਥ ਹੁਣੇ ਜ਼ਬਤ ਕੀਤੇ ਗਏ ਹਨ, ਉਹ ਟਰੱਕ ਦੇ ਹੇਠਾਂ ਚੁੰਬਕ ਦੇ ਨਾਲ ਕਾਲੇ ਪੈਕਟ ਵਿੱਚ ਲੁਕਾਏ ਹੋਏ ਸਨ।

ਦੱਸ ਦੇਈਏ ਕਿ ਚੈਕਿੰਗ ਦੌਰਾਨ ਜਵਾਨਾਂ ਦੀ ਨਜ਼ਰ ਪੈਕੇਟ 'ਤੇ ਪਈ। ਜਦੋਂ ਇਸ ਸਬੰਧੀ ਡਰਾਈਵਰ ਨੂੰ ਪੁੱਛਿਆ ਤਾਂ ਉਹ ਕੁਝ ਵੀ ਨਹੀਂ ਦੱਸ ਸਕਿਆ। ਬੀਐਸਐਫ ਨੇ ਪੈਕਟ ਜ਼ਬਤ ਕਰ ਲਿਆ ਹੈ। NCB ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਕੇਟ ਦਾ ਵਜ਼ਨ 400 ਗ੍ਰਾਮ ਤੋਂ ਵੱਧ ਦੱਸਿਆ ਜਾ ਰਿਹਾ ਹੈ। ਫਿਲਹਾਲ ਪੈਕੇਟ ਨਹੀਂ ਖੋਲ੍ਹਿਆ ਗਿਆ ਹੈ। ਇਸ ਦੇ ਨਾਲ ਹੀ ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਬੀਐਸਐਫ ਅਤੇ ਐਨਸੀਬੀ ਦੇ ਅਧਿਕਾਰੀਆਂ ਨੇ ਖੇਪ ਬਾਰੇ ਅਜੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਹਨ ਪਰ ਗ੍ਰਿਫ਼ਤਾਰ ਡਰਾਈਵਰ ਦੀ ਪਛਾਣ ਬਲੋਚਿਸਤਾਨ ਦੇ ਰਹਿਣ ਵਾਲੇ ਅਬਦੁਲ ਵਾਸ਼ੀ ਵਜੋਂ ਹੋਈ ਹੈ। ਡਰਾਈਵਰ ਦੀ ਗ੍ਰਿਫ਼ਤਾਰੀ ਮਗਰੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਰਾਣੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਉਹ ਕਿੰਨੀ ਵਾਰ ਮਾਲ ਲੈ ਕੇ ਆਈਸੀਪੀ ਪਹੁੰਚਿਆ ਸੀ, ਤਾਂ ਜੋ ਇਸ ਤੋਂ ਪਹਿਲਾਂ ਕੀਤੀ ਗਈ ਤਸਕਰੀ ਦਾ ਵੀ ਪਤਾ ਲੱਗ ਸਕੇ।