ਖੇਮਕਰਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਨਸ਼ੇ ਦੀ ਇਸ ਲਾਹਨਤ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ
ਖੇਮਕਰਨ: ਪਾਕਿਸਤਾਨ ਵਲੋਂ ਭਾਰਤ ਚ ਡਰੋਨ ਰਾਹੀ ਨਸੇ ਦੀ ਸਮੱਗਲਿੰਗ ਦੀਆਂ ਖ਼ਬਰਾ ਆਏ ਦਿਨ ਡਰੋਨ ਸੁਣਨ ਨੂੰ ਮਿਲ ਰਹੀਆਂ ਹਨ, ਜਿਸ ਨੂੰ ਧਿਆਨ ’ਚ ਰੱਖਦਿਆਂ ਪੰਜਾਬ ਪੁਲਸ ਵੱਲੋਂ ਨਾਜਾਇਜ਼ ਸਮੱਗਰੀ, ਹਥਿਆਰ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਸਖ਼ਤੀ ਨਾਲ ਕਦਮ ਚੁੱਕੇ ਜਾ ਰਹੇ ਹਨ। ਸਰਹੱਦੀ ਕਸਬਾ ਖੇਮਕਰਨ ਦੀ ਪੁਲਿਸ ਪਾਰਟੀ ਵੱਲੋਂ ਸਰਹੱਦੀ ਪਿੰਡ ਕਲਸ ’ਚ ਹੈਰੋਇਨ ਪ੍ਰਾਪਤ ਕਰਨ ’ਚ ਵੱਡੀ ਸਫਲਤਾ ਹਾਸਿਲ ਹੋਈ ਹੈ ।
ਪੁਲਿਸ ਥਾਣਾ ਖੇਮਕਰਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ .ਪੀ. ਭਿੰਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਕਲਸ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ, ਜੋ ਲੱਗਭਗ ਇਕ ਕਿਲੋ 234 ਗ੍ਰਾਮ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰ ਹਮੇਸ਼ਾ ਹੀ ਬਾਰਡਰ ਬੈਲਟ ’ਤੇ ਲਗਾਤਾਰ ਡਰੋਨਾਂ ਰਾਹੀਂ ਪਿਛਲੇ ਕਈ ਦਿਨਾਂ ਤੋਂ ਹਲਚਲ ਕਰ ਰਹੇ ਸਨ ਤੇ ਅੱਜ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਸਰਚ ਦੌਰਾਨ ਹੈਰੋਇਨ ਦੀ ਖੇਪ ਬਰਾਮਦ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਕਲਸ ਹਿੰਦ-ਪਾਕਿ ਸਰਹੱਦ ’ਤੇ ਖੇਮਕਰਨ ਸੈਕਟਰ ’ਚ ਵਸਿਆ ਹੋਇਆ ਆਖ਼ਰੀ ਪਿੰਡ ਹੈ, ਜੋ ਬਾਰਡਰ ਬੈਲਟ ਹੋਣ ਕਰ ਕੇ ਹਮੇਸ਼ਾ ਹੀ ਬੀ.ਐੱਸ.ਐੱਫ਼. ਦੀ ਨਿਗਰਾਨੀ ਹੇਠ ਰਹਿੰਦਾ ਹੈ ਅਤੇ ਬੀ.ਐੱਸ.ਐੱਫ਼. ਦੇ ਜਵਾਨ ਹਮੇਸ਼ਾ ਹੀ ਉਥੇ ਤਾਇਨਾਤ ਹੁੰਦੇ ਹਨ ।
ਇਸ ਦੇ ਬਾਵਜੂਦ ਕੱਲ੍ਹ ਰਾਤ ਹੋਈ ਨਸ਼ੇ ਦੀ ਇਸ ਸਮੱਗਲਿੰਗ ਬਾਰੇ ਬੀ.ਐੱਸ.ਐੱਫ਼. ਨੂੰ ਬਿਲਕੁਲ ਵੀ ਭਿਣਕ ਨਹੀਂ ਲੱਗੀ । ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਅਤੇ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਨੇ ਕਿਹਾ ਕਿ ਨਸ਼ੇ ਦੀ ਇਸ ਸਮੱਗਲਿੰਗ ਨੂੰ ਰੋਕਣ ਲਈ ਉਹ ਅਤੇ ਪੁਲਿਸ ਦਾ ਹਰ ਜਵਾਨ ਹਮੇਸ਼ਾ ਪੱਬਾਂ ਭਾਰ ਰਿਹਾ ਹੈ ਅਤੇ ਰਹੇਗਾ। ਨਸ਼ੇ ਦੀ ਇਸ ਲਾਹਨਤ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ । ਇਸ ਮੌਕੇ ਥਾਣਾ ਮੁਖੀ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ, ਸਾਹਬ ਸਿੰਘ, ਭਗਵੰਤ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਇੰਦਰਜੀਤ ਸਿੰਘ ,ਹਰਪਾਲ ਸਿੰਘ, ਦਲਵਿੰਦਰ ਸਿੰਘ ਪੁਲਿਸ ਮੁਲਾਜ਼ਮ ਹਾਜ਼ਰ ਸਨ।