ਜਲੰਧਰ 'ਚ ਮਾਰੀਆਂ ਗਈਆਂ 3 ਬੱਚੀਆਂ ਦਾ ਪੰਚਾਇਤ ਤੇ ਪੁਲਿਸ ਨੇ ਕੀਤਾ ਸਸਕਾਰ
ਮਾਪਿਆਂ ਨੇ ਦੁੱਧ ਵਿਚ ਕੀਟਨਾਸ਼ਕ ਸਪਰੇਅ ਪਿਆ ਕੇ ਮਾਰੀਆਂ ਸੀ ਤਿੰਨੋਂ ਧੀਆਂ
ਜਲੰਧਰ: ਜਲੰਧਰ ਦੇ ਪਿੰਡ ਕਾਹਨਪੁਰ 'ਚ ਸ਼ਰਾਬੀ ਪਿਤਾ ਅਤੇ ਮਾਂ ਵੱਲੋਂ ਜ਼ਹਿਰੀਲੀ ਚੀਜ਼ ਦੇ ਕੇ ਮਾਰੀਆਂ ਗਈਆਂ ਬੱਚੀਆਂ ਦਾ ਅੱਜ ਸਸਕਾਰ ਕੀਤਾ ਗਿਆ। ਤਿੰਨਾਂ ਨੂੰ ਪਿੰਡ ਦੀ ਪੰਚਾਇਤ, ਜ਼ਿਮੀਂਦਾਰ ਅਤੇ ਪੁਲਿਸ ਵੱਲੋਂ ਅੰਤਿਮ ਅਰਦਾਸ ਤੋਂ ਬਾਅਦ ਉਨ੍ਹਾਂ ਨੂੰ ਦਫਨਾਇਆ ਗਿਆ। ਤਿੰਨਾਂ ਦੇ ਪੋਸਟਮਾਰਟਮ ਤੋਂ ਬਾਅਦ ਨਾ ਤਾਂ ਮਾਪਿਆਂ ਅਤੇ ਨਾ ਹੀ ਰਿਸ਼ਤੇਦਾਰਾਂ ਨੇ ਬੱਚੀਆਂ ਦੀਆਂ ਲਾਸ਼ਾਂ ਲਈਆਂ।
ਇਹ ਵੀ ਪੜ੍ਹੋ: ਵਿਜੀਲੈਂਸ ਵਲੋਂ 5,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਹਰਜਿੰਦਰ ਸਿੰਘ ਕਾਬੂ
ਇਸ ਤੋਂ ਬਾਅਦ ਮਕਾਨ ਮਾਲਕ ਸੁਰਿੰਦਰ ਸਿੰਘ ਅਤੇ ਪਿੰਡ ਦੀ ਪੰਚਾਇਤ ਨੇ ਬੱਚੀਆਂ 9 ਸਾਲਾ ਅੰਮ੍ਰਿਤਾ ਕੁਮਾਰੀ, 7 ਸਾਲਾ ਕੰਚਨ ਕੁਮਾਰੀ ਅਤੇ 3 ਸਾਲਾ ਵਾਸੂ 3 ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਅਤੇ ਫੈਸਲਾ ਕੀਤਾ ਸੀ ਕਿ ਜੇਕਰ ਰਿਸ਼ਤੇਦਾਰ ਸਸਕਾਰ ਨਹੀਂ ਕਰਨਗੇ ਤਾਂ ਉਹ ਆਪ ਹੀ ਸਸਕਾਰ ਕਰਨਗੇ। ਇਸ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਦੀ ਮੌਜੂਦਗੀ 'ਚ ਤਿੰਨਾਂ ਬੱਚੀਆਂ ਨੂੰ ਦਫ਼ਨਾਇਆ ਗਿਆ।
ਇਹ ਵੀ ਪੜ੍ਹੋ: ਐਸਜੀਜੀਐਸ ਕਾਲਜ 26 ਨੇ ਜਾਗਰੂਕਤਾ ਅਤੇ ਯੂਡੀਆਈਡੀ ਕੈਂਪ ਦਾ ਕੀਤਾ ਆਯੋਜਨ
ਦੱਸ ਦੇਈਏ ਕਿ ਜਲੰਧਰ 'ਚ ਮਾਂ-ਬਾਪ ਨੇ ਦੁੱਧ 'ਚ ਕੀਟਨਾਸ਼ਕ ਸਪਰੇਅ ਮਿਲਾ ਕੇ ਤਿੰਨ ਧੀਆਂ ਦੀ ਹੱਤਿਆ ਕਰ ਦਿਤੀ ਸੀ। ਤਿੰਨਾਂ ਦੇ ਮੂੰਹ 'ਚੋਂ ਝੱਗ ਨਿਕਲਣ 'ਤੇ ਉਨ੍ਹਾਂ ਨੇ ਲਾਸ਼ਾਂ ਨੂੰ ਲੋਹੇ ਦੇ ਟਰੰਕ 'ਚ ਪਾ ਕੇ ਘਰ ਦੇ ਬਾਹਰ ਸੁੱਟ ਦਿਤਾ। ਤਿੰਨੇ ਭੈਣਾਂ 1 ਅਕਤੂਬਰ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ। ਸੋਮਵਾਰ ਸਵੇਰੇ ਲੋਕਾਂ ਨੇ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਦੇਖੀਆਂ। ਪੁਲਿਸ ਨੇ ਦੋਸ਼ੀ ਪਿਤਾ ਨੂੰ 2 ਅਕਤੂਬਰ ਦੀ ਸਵੇਰ ਨੂੰ ਹਿਰਾਸਤ 'ਚ ਲੈ ਲਿਆ ਸੀ।
ਮੁਲਜ਼ਮ ਸੁਸ਼ੀਲ ਮੰਡਲ ਨੇ ਹਿਰਾਸਤੀ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਗਰੀਬੀ ਤੋਂ ਤੰਗ ਆ ਕੇ ਉਸ ਨੇ ਅਤੇ ਉਸ ਦੀ ਪਤਨੀ ਨੇ ਆਪਣੀਆਂ ਤਿੰਨ ਧੀਆਂ ਅੰਮ੍ਰਿਤਾ ਕੁਮਾਰੀ (9), ਕੰਚਨ ਕੁਮਾਰੀ (7) ਅਤੇ ਵਾਸੂ (3) ਦਾ ਕਤਲ ਕਰ ਦਿੱਤਾ ।