ਸਿਹਤ ਖੇਤਰ ’ਚ ਪੰਜਾਬ ਸਰਕਾਰ ਦੀ ਨਵੀਂ ਪ੍ਰਾਪਤੀ, 2 ਕਰੋੜ ਤੋਂ ਵੱਧ ਲੋਕਾਂ ਨੇ ਆਮ ਆਦਮੀ ਕਲੀਨਿਕ ’ਚ ਕਰਵਾਇਆ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਤਕ ਸੂਬੇ ’ਚ 872 ਆਮ ਆਦਮੀ ਕਲੀਨਿਕਾਂ ਚਲ ਰਹੇ ਹਨ, 30 ਹੋਰ ਕਲੀਨਿਕ ਛੇਤੀ ਹੀ ਖੋਲ੍ਹੇ ਜਾਣ ਦੀ ਤਿਆਰੀ

More than 2 crore people underwent treatment at Aam Aadmi Clinic

ਜਲੰਧਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਵਿੱਚ ਨਵੀਂ ਸਕੀਮ ਤਹਿਤ ਪੰਜਾਬ ਸਰਕਾਰ ਇੱਕ ਨਵੀਂ ਪਹਿਲਕਦਮੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਤਹਿਤ ਸਿਹਤ ਟੀਮਾਂ ਬਲੱਡ ਪ੍ਰੈਸ਼ਰ, ਸ਼ੂਗਰ, ਬਾਡੀ ਮਾਸ ਇੰਡੈਕਸ (BMI) ਅਤੇ ਬੇਸਿਕ ਮੈਟਾਬੋਲਿਕ ਰੇਟ ਦੀ ਨਿਗਰਾਨੀ ਕਰਨਗੀਆਂ। ਪਟਿਆਲਾ ਤੋਂ ਸ਼ੁਰੂ ਹੋਣ ਵਾਲੇ ਇਸ ਵੱਡੇ ਪ੍ਰੋਜੈਕਟ ਤਹਿਤ ਪਹਿਲੇ ਪੜਾਅ ਵਿੱਚ ਕਰੀਬ ਇੱਕ ਲੱਖ ਲੋਕਾਂ ਦੀ ਜਾਂਚ ਕੀਤੀ ਜਾਵੇਗੀ।

ਇਸ ਸਕੀਮ ਤਹਿਤ ਇਹ ਪਤਾ ਲਗਾਇਆ ਜਾਵੇਗਾ ਕਿ ਪੰਜਾਬੀਆਂ ਵਿੱਚ ਔਸਤਨ ਕਿਹੜੀਆਂ ਬਿਮਾਰੀਆਂ ਜ਼ਿਆਦਾ ਹਨ ਅਤੇ ਇਸ ਅੰਕੜੇ ਨੂੰ ਖੋਜ ਕਾਰਜਾਂ ਵਿੱਚ ਵਰਤਿਆ ਜਾਵੇਗਾ, ਜਿਸ ਨਾਲ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆ ਕੇ ਬਿਮਾਰੀਆਂ ਤੋਂ ਬਚਾਅ ਹੋ ਸਕੇਗਾ। ਖੋਜ ਦੇ ਆਧਾਰ 'ਤੇ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਇਹੀ ਨਹੀਂ ਮੁੱਢਲੀਆਂ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਅਤੇ ਹੋਰ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਸ਼ੁਰੂ ਕੀਤੇ ਗਏ 'ਆਮ ਆਦਮੀ ਕਲੀਨਿਕਾਂ' ਨੇ ਇਕ ਹੋਰ ਨਵੀਂ ਪ੍ਰਾਪਤੀ ਕਰ ਕੇ ਵਿਖਾਈ ਹੈ। ਇਨ੍ਹਾਂ ਕਲੀਨਿਕਾਂ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਪਿਛਲੇ ਦਿਨੀਂ 2 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। 15 ਅਗਸਤ, 2022 ਤੋਂ ਹੁਣ ਤੱਕ ਸੂਬੇ 'ਚ 2 ਕਰੋੜ ਤੋਂ ਵੱਧ ਮਰੀਜ਼ਾਂ ਨੇ 872 ਆਮ ਆਦਮੀ ਕਲੀਨਿਕਾਂ ਤੋਂ ਮੁਫ਼ਤ ਇਲਾਜ ਕਰਵਾਇਆ ਹੈ। 

ਇਨ੍ਹਾਂ ਕਲੀਨਿਕਾਂ ਵਿਚ ਲਗਭਗ 38 ਪ੍ਰਕਾਰ ਦੇ ਟੈਸਟ ਵੀ ਮੁਫ਼ਤ ’ਚ ਕੀਤੇ ਜਾ ਰਹੇ ਹਨ। ਜਿਹੜੇ ਟੈਸਟ ਪ੍ਰਾਈਵੇਟ ਲੈਬਾਂ ਵਿਚ ਮਹਿੰਗੇ ਭਾਅ 'ਤੇ ਮਰੀਜ਼ਾਂ ਨੂੰ ਕਰਵਾਉਣੇ ਪੈਂਦੇ ਸਨ ਅੱਜ ਉਹ ਪੰਜਾਬ ਸਰਕਾਰ ਦਾ ਕਲੀਨਿਕਾਂ ਵਿਚ ਮੁਫਤ ਕਰਵਾਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਵੇਲੇ ਆਮ ਆਦਮੀ ਕਲੀਨਿਕਾਂ ’ਚ 80 ਪ੍ਰਕਾਰ ਦੀਆਂ ਦਵਾਈਆਂ ਮੁਫ਼ਤ ਮਿਲਦੀਆਂ ਹਨ। ਅਜੇ ਤਕ 450 ਕਰੋੜ ਰੁਪਏ ਦੀਆਂ ਦਵਾਈਆਂ ਲੋਕਾਂ ਨੂੰ ਮੁਫ਼ਤ ’ਚ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। 
ਇਨ੍ਹਾਂ ਕਲੀਨਿਕਾਂ ਨੇ ਸਰਕਾਰੀ ਹਸਪਤਾਲਾਂ ਦਾ ਬੋਝ ਘੱਟ ਕੀਤਾ ਹੈ। ਪਹਿਲਾਂ ਲੰਮੀਆਂ ਕਤਾਰਾਂ ’ਚ ਉਡੀਕ ਕਰਨ ਵਾਲੇ ਓ.ਪੀ.ਡੀ. ਮਰੀਜ਼ਾਂ ਲਈ ਇਹ ਕਲੀਨਿਕ ਵਰਦਾਨ ਸਾਬਤ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਆਮ ਬਿਮਾਰੀਆਂ ਲਈ ਇੱਥੇ ਹਰ ਤਰ੍ਹਾਂ ਦੀਆਂ ਦਵਾਈਆਂ ਵੀ ਮਿਲ ਰਹੀਆਂ ਹਨ ਅਤੇ ਡਾਕਟਰ ਵੀ ਚੰਗੇ ਹਨ। ਇਨ੍ਹਾਂ ਕਲੀਨਿਕਾਂ ’ਚ ਸਰਦੀ, ਜ਼ੁਕਾਮ, ਬੁਖ਼ਾਰ, ਬੀ.ਪੀ., ਸ਼ੂਗਰ, ਚਮੜੀ ਰੋਗਾਂ ਨਾਲ ਸਬੰਧਤ ਮਰੀਜ਼ ਆਉਂਦੇ ਹਨ ਅਤੇ ਪੰਜਾਬ ਸਰਕਾਰ ਦਾ ਧਨਵਾਦ ਕਰ ਰਹੇ ਹਨ। 
ਹਰ ਕਲੀਨਿਕ ਆਈ. ਟੀ. ਬੁਨਿਆਦੀ ਢਾਂਚੇ ਅਤੇ ਏ.ਸੀ. ਵਰਗੀਆਂ ਸਹੂਲਤਾਂ ਨਾਲ ਲੈਸ ਹੈ, ਜਿਸ ਨਾਲ ਰਜਿਸਟ੍ਰੇਸ਼ਨ, ਡਾਕਟਰੀ ਸਲਾਹ-ਮਸ਼ਵਰੇ, ਜਾਂਚ ਅਤੇ ਡਾਕਟਰੀ ਤਜਵੀਜ਼ ਦੇ ਮੁਕੰਮਲ ਤੌਰ 'ਤੇ ਡਿਜੀਟਾਈਜ਼ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਇਨ੍ਹਾਂ ਕਲੀਨਿਕਾਂ 'ਚ ਦਵਾਈ ਲੈਣ ਵਾਲੀਆਂ 55 ਫ਼ੀਸਦੀ ਔਰਤਾਂ ਹਨ। ਇਨ੍ਹਾਂ ਨਾਲ ਆਮ ਲੋਕਾਂ ਨੂੰ ਬਹੁਤ ਵੱਡਾ ਫ਼ਾਇਦਾ ਹੋ ਰਿਹਾ ਹੈ। ਇਨ੍ਹਾਂ ਕਲੀਨਿਕਾਂ ਨੇ ਸੂਬੇ ’ਚ ਵੱਖੋ-ਵੱਖ ਬਿਮਾਰੀਆਂ ਦੀ ਜਾਂਚ ਅਤੇ ਉਨ੍ਹਾਂ ਦੇ ਅਸਰਦਾਰ ਇਲਾਜ ਲਈ ਇਕ ਡੇਟਾਬੇਸ ਤਿਆਰ ਕਰਨ ’ਚ ਵੀ ਸਰਕਾਰ ਦੀ ਮਦਦ ਕੀਤੀ ਹੈ।