ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸਰਵਿਸ ਪੋਰਟਲ ’ਤੇ ਨਵੇਂ ਮਡਿਊਲ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ ਦੀ ਸ਼ੁਰੂਆਤ
ਚੋਣ ਕਮਿਸ਼ਨ ਵਲੋਂ ਜਾਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਫਾਲੋਅ ਕਰਨ ਦੀ ਕੀਤੀ ਅਪੀਲ
ਜਲੰਧਰ : ਚੋਣ ਤਹਿਸੀਲਦਾਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸਰਵਿਸ ਪੋਰਟਲ (https://voters.eci.gov.in) ’ਤੇ ਨਵੇਂ ਮਡਿਊਲ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ (Book a Call with BLO) ਦੀ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਰਾਹੀਂ ਆਮ ਨਾਗਰਿਕ/ਵੋਟਰ, ਵੋਟਰ ਸੂਚੀ ਸਬੰਧੀ ਆਪਣੇ ਮਸਲਿਆਂ ਦਾ ਹੱਲ ਬੂਥ ਲੈਵਲ ਅਫ਼ਸਰ ਪਾਸੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਨਾਗਰਿਕ ਵੋਟਰ ਸਰਵਿਸ ਪੋਰਟਲ ਤੋਂ ‘ਬੁੱਕ ਏ ਕਾਲ ਵਿਦ ਬੀ.ਐਲ.ਓ.’ ਆਪਸ਼ਨ ਰਾਹੀਂ ਕਾਲ ਬੁੱਕ ਕਰੇਗਾ ਤਾਂ ਬੀ.ਐਲ.ਓ. ਅਤੇ ਪ੍ਰਾਰਥੀ ਦੋਵਾਂ ਨੂੰ ਇੱਕ ਟੈਕਸਟ ਮੈਸੇਜ ਰਿਸੀਵ ਹੋਵੇਗਾ, ਜਿਸ ਉਪਰੰਤ ਬੀ.ਐਲ.ਓ. ਪ੍ਰਾਰਥੀ ਨੂੰ ਫੋਨ ਕਰਕੇ ਉਸ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ। ਇਸ ਤੋਂ ਬਾਅਦ ਉਹ ਬੀ.ਐਲ.ਓ. ਐਪ ’ਤੇ ‘ਕਾਲ ਰਿਕੂਐਸਟ’ (Call request) ਆਪਸ਼ਨ ਵਿੱਚ ਜਾ ਕੇ ‘ਕਾਨਟੈਕਟਿਡ’ ਬਟਨ ’ਤੇ ਕਲਿੱਕ ਕਰਕੇ ਸਟੇਟਸ ਅਪਡੇਟ ਕਰੇਗਾ। ਜੇਕਰ ਪ੍ਰਾਰਥੀ ਨੇ ਕਾਲ ਰਿਸੀਵ ਨਹੀਂ ਕੀਤੀ ਤਾਂ ਉਹ ‘ਅਨਅਵੇਲਏਬਲ’ (Unavailable) ਬਟਨ ’ਤੇ ਕਲਿੱਕ ਕਰੇਗਾ।
ਉਨ੍ਹਾਂ ਦੱਸਿਆ ਕਿ ਬੀ.ਐਲ.ਓ. ਵੱਲੋਂ ਰਿਸਪਾਂਸ ਕਰਨ ਮਗਰੋਂ ਈ.ਸੀ.ਆਈ.ਨੈੱਟ (ECINet) ’ਤੇ ਰਿਪੋਰਟ ਅਪਡੇਟ ਹੋ ਜਾਵੇਗੀ ਅਤੇ ਉਸ ਦਾ ਇੱਕ ਮੈਸੇਜ ਸਬੰਧਤ ਪ੍ਰਾਰਥੀ ਨੂੰ ਵੀ ਜਾਵੇਗਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਫਾਲੋਅ ਕਰਨ ਦੀ ਅਪੀਲ ਕੀਤੀ, ਤਾਂ ਜੋ ਉਨ੍ਹਾਂ ਨੂੰ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹੇ।