MLA ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਰਾਵੀ ਨਾਲ ਲੱਗਦੇ ਇਲਾਕਿਆਂ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5 ਤੋਂ 7 ਅਕਤੂਬਰ ਤੱਕ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ

MLA Kuldeep Singh Dhaliwal and Deputy Commissioner Mrs. Sakshi Sahni visit the areas adjacent to Ravi

ਅੰਮ੍ਰਿਤਸਰ: ਮੌਸਮ ਵਿਭਾਗ ਵਲੋਂ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਕੁੱਝ ਹਿੱਸਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਅੱਜ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਰਾਵੀ ਦਰਿਆ ਦੇ ਨੇੜਲੇ ਇਲਾਕੇ ਦਾ ਦੌਰਾ ਕੀਤਾ। ਉਨਾਂ ਦੱਸਿਆ ਕਿ ਮੀਂਹ ਦੌਰਾਨ ਡੈਮਾਂ ਤੋਂ ਪਾਣੀ ਛੱਡਣ ਕਾਰਨ ਰਾਵੀ ਅਤੇ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਕੁੱਝ ਉਤਾਰ ਚੜਾਅ ਹੋ ਸਕਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਰਾਵੀ ਅਤੇ ਬਿਆਸ ਵਿੱਚ ਪਾਣੀ ਬਿਲਕੁਲ ਕੰਟਰੋਲ ਵਿੱਚ ਅਤੇ ਆਪਣੀ ਕ੍ਰੀਕ ਵਿੱਚ ਚੱਲ ਰਿਹਾ ਹੈ ਪਰ ਪਹਾੜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾਵਾਂ ਕਾਰਨ ਡੈਮਾਂ ਤੋਂ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਪਾਣੀ ਦਾ ਪੱਧਰ ਵੱਧ ਸਕਦਾ ਹੈ, ਇਸ ਲਈ ਦਰਿਆ ਪਾਰ ਜਾਣ ਤੋਂ ਸੰਕੋਚ ਕੀਤਾ ਜਾਵੇ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਸਮੂਹ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਇਸ ਸਮੇਂ ਦੌਰਾਨ ਦਰਿਆ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਕਿਸਾਨ ਤੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਦਰਿਆ ਦੇ ਕੰਢੇ ਜਾਂ ਦਰਿਆ ਦੇ ਅੰਦਰ ਨਾ ਜਾਣ ਦੇਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਰਾਵੀ ਵਿੱਚ 21 ਚੋਅ, ਖੱਡਾਂ ਅਤੇ ਨਾਲਿਆਂ ਦੇ ਨਾਲ-ਨਾਲ ਉੱਝ ਨਦੀ ਤੋਂ ਅਣ-ਨਿਯੰਤ੍ਰਿਤ ਪਾਣੀ ਆ ਕੇ ਪੈਂਦਾ ਹੈ, ਇਸ ਲਈ ਘੋਨੇਵਾਲ ਵਿਖੇ ਪਾਣੀ ਦੇ ਸਹੀ ਪੱਧਰ ਦੀ ਜਾਂਚ ਕਰਨ ਲਈ ਇੱਕ ਗੇਜ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਿਭਾਗ ਨੂੰ ਵੱਖ-ਵੱਖ ਚੋਅ ਥਾਵਾਂ 'ਤੇ ਗੇਜ ਵੀ ਸਥਾਪਤ ਕਰਨ ਲਈ ਹਦਾਇਤ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਹੁਣ ਤੱਕ ਆਈ ਐਮ ਡੀ ਤੋਂ ਮੌਸਮ ਦੀ ਭਵਿੱਖਬਾਣੀ ਅਜੇ ਵੀ ਕਠੂਆ, ਗੁਰਦਾਸਪੁਰ, ਸਾਂਭਾ ਆਦਿ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦਿਖਾ ਰਹੀ ਹੈ ਜੋ ਰਾਵੀ ਨਦੀ ਦੇ ਚੋਅ ਅਤੇ ਖੱਡਾਂ ਵਿੱਚ ਪਾਣੀ ਭਰਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦਿਨ-ਰਾਤ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ 24x7 ਡਿਊਟੀਆਂ ਉੱਤੇ ਅਧਿਕਾਰੀ ਤੈਨਾਤ ਕੀਤੇ ਹੋਏ ਹਨ।

ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਪੱਧਰ ਉਤੇ ਹੈਲਪ ਲਾਈਨ ਨੰਬਰ 0183-2229125 ਅਤੇ ਅਜਨਾਲਾ ਵਿਖੇ ਹੈਲਪ ਲਾਈਨ ਨੰਬਰ 01858-245510 ਵੀ ਸਥਾਪਿਤ ਕੀਤੇ ਹੋਏ ਹਨ। ਕਿਸੇ ਵੀ ਅਣਸੁਖਾਵੀ ਸਥਿਤੀ ਵਿੱਚ ਇਨ੍ਹਾਂ ਹੈਲਪ ਲਾਈਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਐਸਡੀਐਮ ਸ ਰਵਿੰਦਰ ਸਿੰਘ ਤੇ ਹੋਰਨਾ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੌਕੇ ਨਾਲ ਸਨ ।