ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਫਿਰ ਬੇਸਿੱਟਾ
ਨਿੱਜੀ ਥਰਮਲ ਪਲਾਂਟਾਂ ਦੇ ਟ੍ਰੈਕ ਅੱਗਿਓਂ ਨਹੀਂ ਉੱਠਣਗੇ ਕਿਸਾਨ
ਚੰਡੀਗੜ੍ਹ: ਰੇਲਵੇ ਵੱਲੋਂ ਮਾਲ ਗੱਡੀਆਂ ਤੇ ਰੋਕ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿੱਚ ਮੰਗਲਵਾਰ ਤੋਂ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਹੁਣ ਪੰਜਾਬ ਕੋਲ ਵੱਡੇ ਪੱਧਰ ‘ਤੇ ਬਿਜਲੀ ਕਟੌਤੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਪਰ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਬੈਠਕ ਫਿਰ ਬੇਸਿੱਟਾ ਰਹੀ। ਕਿਸਾਨਾਂ ਨੇ ਕਿਹਾ ਉਹ ਨਿੱਜੀ ਥਰਮਲ ਪਲਾਂਟਾਂ ਦੇ ਟ੍ਰੈਕ ਅੱਗਿਓਂ ਨਹੀਂ ਉੱਠਣਗੇ।
ਇਸ ਦੌਰਾਨ ਯੂਨੀਅਨ ਲੀਡਰ ਜੁਗਿੰਦਰ ਸਿੰਘ ਉਗਰਾਹਾਂ ਨੇ ਸਪੱਸ਼ਟ ਕਰ ਦਿੱਤਾ ਹੈ "ਉਹ ਨਿੱਜੀ ਥਰਮਲ ਪਲਾਂਟਾਂ ਨੂੰ ਜਾਂਦੇ ਰੇਲ ਟ੍ਰੈਕ ਤੋਂ ਨਹੀਂ ਉੱਠਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਸਰਕਾਰੀ ਥਰਮਲ ਪਲਾਂਟਾਂ ਨੂੰ ਜਿਵੇਂ ਮਰਜ਼ੀ ਚਲਾਵੇ, ਉਸ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਅੜਚਨ ਪੈਦਾ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਕੇਂਦਰ ਸਰਕਾਰ ਦਾ ਰਵੱਈਆ ਰਿਹਾ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਜਾਣਬੁੱਝ ਕੇ ਮਾਲ ਗੱਡੀਆਂ ਨਹੀਂ ਭੇਜ ਰਹੇ ਤੇ ਜੇਕਰ ਸਾਡੇ ਉੱਠਣ ਦੀ ਗੱਲ ਨੂੰ ਲੈ ਕੇ ਕੇਂਦਰ ਸਰਕਾਰ ਵਾਰ-ਵਾਰ ਦਬਾਅ ਬਣਾ ਰਹੀ ਹੈ ਤਾਂ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਨਿੱਜੀ ਥਰਮਲ ਪਲਾਂਟਾਂ ਦੇ ਸਾਫ਼ ਤੌਰ 'ਤੇ ਖਿਲਾਫ ਹਾਂ ਤੇ ਅੱਗੇ ਵੀ ਰਹਾਂਗੇ।
ਕਿਸਾਨ ਜੱਥੇਬੰਦੀ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਰੇਲ ਟਰੈਕ ਖਾਲੀ ਕਰ ਦਿੱਤੇ ਗਏ ਹਨ। ਜੋ ਰੇਲ ਟਰੈਕ ਰੋਕੇ ਗਏ ਹਨ ਉਨ੍ਹਾਂ 'ਤੇ ਆਵਾਜਾਈ ਦੀ ਕੋਈ ਦਿੱਕਤ ਨਹੀਂ ਆ ਸਕਦੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਿੱਜੀ ਥਰਮਲ ਪਲਾਂਟਾ ਨੂੰ ਆਪਣੇ ਕੰਟਰੋਲ ਵਿਚ ਲੈ ਕੇ ਚੱਲਣਾ ਸ਼ੁਰੂ ਕਰ ਦੇਵੇ ਤਾਂ ਉਹ ਉਨ੍ਹਾਂ ਰੇਲ ਟਰੈਕਾਂ ਤੋਂ ਵੀ ਹੱਟ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਸਿਰਫ ਨਿੱਜੀ ਥਰਮਲ ਦੇ ਅੰਦਰ ਜਾਂਦੇ ਹੀ ਰੇਲ ਟਰੈਕ ਰੋਕੇ ਹਨ।
ਦੱਸ ਦੇਈਏ ਕਿ ਪੰਜਾਬ ਦੇ ਥਰਮਲ ਪਲਾਂਟਾਂ ਤੱਕ ਕੋਲਾ ਨਾ ਪਹੁੰਚਣ ਕਾਰਨ ਬਿਜਲੀ ਦਾ ਉਤਪਾਦਨ ਬੰਦ ਹੋ ਗਿਆ ਹੈ। ਕੈਪਟਨ ਸਰਕਾਰ ਨੇ ਦੱਸਿਆ ਕਿ ਕੋਲੇ ਦੀ ਕਮੀ ਕਾਰਨ ਆਖਰੀ GVK ਥਰਮਲ ਪਲਾਂਟ ਵੀ ਬੰਦ ਹੋ ਗਿਆ ਹੈ।ਪੰਜਾਬ 'ਚ ਸਰਕਾਰੀ ਤੇ ਨਿਜੀ ਪੰਜ ਥਰਮਲ ਪਲਾਂਟ ਹਨ, ਜਿਨ੍ਹਾਂ 'ਚੋਣ 4 ਪਹਿਲਾਂ ਹੀ ਬੰਦ ਹੋ ਚੁਕੇ ਹਨ। ਪੰਜਾਬ 'ਚ ਹੁਣ ਲੰਬੇ-ਲੰਬੇ ਪਾਵਰ ਕੱਟ ਲਗ ਸਕਦੇ ਹਨ। ਸੂਬਾ ਸਰਕਾਰ ਨੇ ਹੋਰਨਾਂ ਸਰੋਤਾਂ ਤੋਂ ਬਿਜਲੀ ਖਰੀਦ ਕੇ ਪੰਜਾਬ ਦੀ ਪਾਵਰ ਸਪਲਾਈ ਹੋ ਰਹੀ ਹੈ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾ ਕੇਂਦਰ ਤੇ ਪੰਜਾਬ ਵਿਚਲੀ ਖਿੱਚੋਤਾਣ ਦੇ ਚੱਲਦਿਆਂ ਮਾਲਗੱਡੀਆਂ ਫਿਲਹਾਲ ਰੁਕੀਆਂ ਹੋਈਆਂ ਹਨ। ਜਿਸ ਕਾਰਨ ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ ਦੇ ਤਲਵੰਡੀ ਸਾਬੋ, ਪਟਿਆਲਾ ਦੇ ਰਾਜਪੁਰਾ ਤੇ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ।