ਮੋਦੀ ਸਰਕਾਰ ਨੇ ਮਾਲ ਗੱਡੀਆਂ ਮੁੜ ਬੰਦ ਕਰ ਕੇ ਬਲਦੀ 'ਤੇ ਤੇਲ ਪਾਇਆ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਨੇ ਮਾਲ ਗੱਡੀਆਂ ਮੁੜ ਬੰਦ ਕਰ ਕੇ ਬਲਦੀ 'ਤੇ ਤੇਲ ਪਾਇਆ

image

ਬਿਜਲੀ ਦੇ ਬਲੈਕ ਆਊਟ ਦੀ ਸਥਿਤੀ ਨਾਲ ਕਣਕ ਦੀ ਬਿਜਾਈ ਲਈ ਲੋੜੀਂਦੀਆਂ ਖਾਦਾਂ 'ਤੇ ਵੀ ਸੰਕਟ

ਚੰਡੀਗੜ੍ਹ, 3 ਨਵੰਬਰ (ਗੁਰਉਪਦੇਸ਼ ਭੁੱਲਰ): ਸੂਬੇ ਦੇ ਤਿੰਨ ਨਿਜੀ ਤੇ ਇਕ ਸਰਕਾਰੀ ਥਰਮਲ ਪਲਾਂਟ ਕੋਲੇ ਦੀ ਕਮੀ ਕਾਰਨ ਬੰਦ ਹੋ ਜਾਣ ਬਾਅਦ ਸੂਬੇ ਵਿਚ ਬਣ ਰਹੀ ਬਲੈਕ ਆਊਟ ਦੀ ਸਥਿਤੀ ਤੋਂ ਇਲਾਵਾ ਕਿਸਾਨਾਂ ਦਾ ਵੀ ਕਣਕ ਦੀ ਬਿਜਾਈ ਵਿਚ ਵੱਡਾ ਨੁਕਸਾਨ ਮਾਲ ਗੱਡੀਆਂ ਬੰਦ ਹੋਣ ਕਾਰਨ ਖਾਦਾਂਸਮੇਂ ਸਿਰ ਉਪਲਭਧ ਨਾ ਹੋਣ ਤੇ ਹੁੰਦਾ ਦਿਖਾਈ ਦੇ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੀ ਸਥਿਤੀ ਤੇ ਸਾਰੀਆਂ ਅਪੀਲਾਂ ਨੂੰ ਦਰਕਿਨਾਰ ਕਰਦਿਆਂ ਇਕ ਵਾਰ ਫਿਰ ਮਾਲ ਗੱਡੀਆਂ 7 ਨਵੰਬਰ ਤਕ ਮੁੜ ਬੰਦ ਰੱਖਣ ਦਾ ਫ਼ੁਰਮਾਨ ਸੁਣਾ ਕੇ ਬਲਦੀ ਤੇ ਤੇਲ ਪਾਉਣ ਦਾ ਯਤਨ ਕੀਤਾ ਹੈ।
ਆਉਣ ਵਾਲੀ ਕਣਕ ਦੀ ਬਿਜਾਈ ਸਬੰਧੀ ਲੋੜੀਂਦੀ ਖਾਦ ਦੀ ਉਪਭਧਤਾ ਦੇ ਤਾਜ਼ਾ ਤਸਦੀਕ ਅੰਕੜੇ ਸੱਚਮੁੱਚ ਹੀ ਸੂਬੇ ਦੇ ਕਿਸਾਨਾਂ ਲਈ ਚਿੰਤਾਜਨਕ ਹਨ ਪਰ ਪਤਾ ਨਹੀਂ ਕੇਂਦਰ ਸਰਕਾਰ ਕਿਸਾਨਾਂ ਵਲੋਂ ਮਾਲ ਗੱਡੀਆਂ ਲਈ ਟਰੈਕ ਖ਼ਾਲੀ ਕਰਨ ਦੇ ਕੀਤੇ ਜਾ ਰਹੇ ਐਲਾਨਾਂ ਦੇ ਬਾਵਜੂਦ ਉਨ੍ਹਾਂ ਨੂੰ ਕਿਸ ਚੀਜ਼ ਦੀ ਸਜ਼ਾ ਦੇਣਾ ਚਾਹੁੰਦੀ ਹੈ।
ਇਹ ਹਨ ਖਾਦਾਂ ਦੇ ਅੰਕੜੇ : 35 ਲੱਖ ਹੈਕਟੇਅਰ ਰਕਬੇ ਵਿਚ ਕੀਤੀ ਜਾਣ ਵਾਲੀ ਕਣਕ ਦੀ ਬੀਜਾਈ ਲਈ 4.50 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 10 ਲੱਖ ਮੀਟਰਕ ਟਨ ਯੂਰੀਏ ਦੀ ਤੁਰਤ ਲੋੜ ਹੈ। ਇਹ ਖਾਦ 31 ਦਸੰਬਰ ਤੋਂ ਪਹਿਲਾਂ ਵਰਤੋਂ ਵਿਚ ਲਿਆਂਦੀ ਜਾਣੀ ਹੈ, ਜਿਸ ਕਰ ਕੇ ਇਸ ਦੇ ਅਗਾਊਂ ਸਟਾਕ ਦੀ ਲੋੜ ਹੁੰਦੀ ਹੈ। ਪਰ ਰੇਲਾਂ ਨਾ ਚੱਲਣ ਕਾਰਨ ਇਹ ਨਹੀਂ ਹੋ ਰਿਹਾ। ਅੰਕੜਿਆਂ ਮੁਤਾਬਕ ਸੂਬੇ ਕੋਲ ਅਕਤੂਬਰ ਦੇ ਮਹੀਨੇ ਲਈ ਐਲੋਕੇਟਿਡ 4 ਲੱਖ ਮੀਟਰਕ ਟਨ ਯੂਰੀਆ ਖਾਦ ਵਿਚੋਂ ਸਿਰਫ਼ 66000 ਟਨ ਅਤੇ 2.50 ਲੱਖ ਮੀਟਰਕ ਟਨ ਡੀ.ਏ.ਪੀ. ਵਿਚੋਂ ਸਿਰਫ਼ 56000 ਟਨ ਉਪਲਭਧ ਹੈ। ਇਸੇ ਤਰ੍ਹਾਂ ਦਸੰਬਰ ਮਹੀਨੇ ਤਕ ਦੀ ਐਲੋਕੇਟ ਹੋਣ ਵਾਲੀ 10 ਲੱਖ ਮੀਟਰਕ ਟਨ ਯੂਰੀਆ ਤੇ ਡੀ.ਏ.ਪੀ. ਅਤੇ 20,000 ਟਨ ਲੋੜੀਂਦਾ ਪੋਟਾਸ਼ ਹੀ ਉਪਲਭਧ ਨਹੀਂ। ਇਸ ਦੀ ਸਮੇਂ ਸਿਰ ਪੂਰਤੀ ਨਾ ਹੋਣ 'ਤੇ ਬੀਜਾਈ ਬਾਅਦ ਕਣਕ ਦੇ ਝਾੜ 'ਤੇ ਮਾੜਾ ਅਸਰ ਪੈ ਸਕਦਾ ਹੈ।